ਕੂੜੇ ਦੇ ਢੇਰ ਤੋਂ ਦੋ ਵਾਰਡਾਂ ਦੇ ਵਾਸੀ ਪ੍ਰੇਸ਼ਾਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 10 ਜੁਲਾਈ
ਰਤੀਆ ਦੀ ਅਨਾਜ ਮੰਡੀ ਦੇ ਪਿਛਲੇ ਪਾਸੇ ਟੈਲੀਫੋਨ ਐਕਸਚੇਂਜ ਨੇੜੇ ਲੱਗੇ ਕੂੜੇ ਦੇ ਢੇਰ ਕਾਰਨ ਦੋ ਵਾਰਡਾਂ ਦੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਪਿਛਲੇ ਲਗਪਗ ਸਾਲ ਤੋਂ ਕੂੜੇ ਦੇ ਢੇਰ ਨੂੰ ਨਾ ਚੁੱਕਣ ਕਾਰਨ ਦੋਵਾਂ ਵਾਰਡਾਂ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਵਾਰਡ ਨੰਬਰ 14 ਦੇ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਨੇ ਇਸ ਸਬੰਧੀ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੈ ਅਤੇ ਕੂੜੇ ਦੇ ਢੇਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਕੂੜੇ ਦੇ ਢੇਰ ਨੂੰ ਨਾ ਹਟਾਇਆ ਗਿਆ ਤਾਂ ਉਹ ਨਗਰ ਪਾਲਿਕਾ ਦਫ਼ਤਰ ਦੇ ਸਾਹਮਣੇ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੇ। ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਨਗਰ ਪਾਲਿਕਾ ਵੱਲੋਂ ਅਨਾਜ ਮੰਡੀ ਦੇ ਪਿਛਲੇ ਪਾਸੇ ਟੈਲੀਫੋਨ ਐਕਸਚੇਂਜ ਦੇ ਨੇੜੇ ਇੱਕ ਬਹੁਤ ਵੱਡਾ ਡੰਪਿੰਗ ਪੁਆਇੰਟ ਬਣਾਇਆ ਗਿਆ ਸੀ, ਜਿੱਥੇ ਪੂਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਸੀ, ਪਰ ਪਿਛਲੇ ਸਾਲ ਤੋਂ ਇਸ ਕੂੜੇ ਨੂੰ ਉੱਥੋਂ ਨਹੀਂ ਚੁੱਕਿਆ ਗਿਆ, ਜਿਸ ਕਾਰਨ ਉੱਥੇ ਕੂੜੇ ਦਾ ਪਹਾੜ ਬਣ ਗਿਆ ਹੈ ਅਤੇ ਇਸ ਕੂੜੇ ਦੀ ਬਦਬੂ ਅਨਾਜ ਮੰਡੀ ਅਤੇ ਮਾਲ ਟਾਊਨ ਦੇ ਨਾਲ-ਨਾਲ ਉਨ੍ਹਾਂ ਦੇ ਵਾਰਡ ਨੰਬਰ 14 ਦੇ ਘਰਾਂ ਤੱਕ ਪਹੁੰਚ ਰਹੀ ਹੈ। ਇਸ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਹਿਲਾਂ ਹੀ ਕਈ ਵਾਰ ਨਗਰ ਪਾਲਿਕਾ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਕੂੜਾ ਹਟਾਉਣ ਦੀ ਮੰਗ ਵੀ ਕਰ ਚੁੱਕੇ ਹਨ, ਪਰ ਨਗਰ ਪਾਲਿਕਾ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ, ਇਸ ਲਈ ਹੁਣ ਉਹ ਜਲਦੀ ਹੀ ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੂੰ ਸ਼ਿਕਾਇਤ ਪੱਤਰ ਭੇਜਣਗੇ। ਇਸ ਬਾਰੇ ਜਦੋਂ ਨਗਰ ਪਾਲਿਕਾ ਸਕੱਤਰ ਸ਼ੁਭਮ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੂੜੇ ਨੂੰ ਹਟਾਉਣ ਲਈ ਜਲਦੀ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।