ਪੰਜਾਬੀ ਪ੍ਰਮੋਸ਼ਨ ਫੋਰਮ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ
ਕੁਲਦੀਪ ਸਿੰਘ
ਨਵੀਂ ਦਿੱਲੀ, 24 ਜੂਨ
ਪੰਜਾਬੀ ਪ੍ਰਮੋਸ਼ਨ ਫੋਰਮ ਦਿੱਲੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਕਰੋਲ ਬਾਗ, ਨਵੀਂ ਦਿੱਲੀ ਵਿੱਚ 37ਵੇਂ ਸਾਲ ਦੇ 74ਵੇਂ ਸੈਸ਼ਨ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸ਼ਿਰਕਤ ਕੀਤੀ।
ਇਨ੍ਹਾਂ ਤੋਂ ਇਲਾਵਾ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਚੂਨਾ ਮੰਡੀ ਪਹਾੜਗੰਜ ਦੇ ਪ੍ਰਿੰਸੀਪਲ ਰਵਿੰਦਰ ਕੌਰ, ਵੱਖ-ਵੱਖ ਸਿੰਘ ਸਭਾਵਾਂ ਦੇ ਅਹੁਦੇਦਾਰ, ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਡਾ. ਜਸਪਾਲ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਫੋਰਮ ਦੇ ਸੰਸਥਾਪਕ ਬੀ. ਵਰਿੰਦਰਜੀਤ ਸਿੰਘ ਦੀ ਸ਼ਲਾਘਾ ਕੀਤੀ।
ਬੀ. ਵਰਿੰਦਰਜੀਤ ਸਿੰਘ ਨੇ ਇਸ ਮੌਕੇ ਪਿਛਲੇ 36 ਸਾਲਾਂ ਤੋਂ ਦਿੱਲੀ, ਇੰਦੌਰ, ਪਟਨਾ ਸਾਹਿਬ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਚਲ ਰਹੇ ਸਿਖਲਾਈ ਸੈਂਟਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀ ਅਮਿਤ ਪਾਲ, ਵਿਦਿਆਰਥਣ ਇਰਾ ਖਾਤੂਨ, ਕਾਕਾ ਹਰੰਸ਼ ਸਿੰਘ, ਇਕਨੂਰ ਸਿੰਘ, ਦਿਵਿਆ, ਇਨਾਇਤ ਕੌਰ, ਅਕਸ਼ਰਾ, ਜਪਨੀਤ ਸਿੰਘ, ਇਸ਼ਮੀਤ ਕੌਰ, ਆਮਰੀਨ ਨੂੰ ਮਾਤਾ ਲਾਲ ਕੌਰ, ਬੀਬੀ ਸਰਬਜੀਤ ਕੌਰ, ਜਸਪਾਲ ਸਿੰਘ ਯੂਐੱਸਏ, ਮਾਤਾ ਸਰਜੀਤ ਕੌਰ, ਮਾਤਾ ਹਰਭਜਨ ਕੌਰ, ਦਲਜੀਤ ਸਿੰਘ ਕਾਲਕਾ, ਹਰਪਾਲ ਸਿੰਘ, ਰਾਮ ਸਿੰਘ, ਸਤਨਾਮ ਸਿੰਘ ਆਦਿ ਤੋਂ ਇਲਾਵਾ ਸੰਤ ਬਾਬਾ ਹਜੂਰਾ ਸਿੰਘ ਜੀ ਮੈਮੋਰੀਅਲ ਗੋਲਡ ਮੈਡਲ, ਸੰਤ ਬਾਬਾ ਈਸ਼ਰ ਸਿੰਘ ਜੀ ਮੈਮੋਰੀਅਲ ਗੋਲਡ ਮੈਡਲ ਦਿੱਤੇ ਗਏ।
ਸਰਬਪੱਖੀ ਸਰਵੋਤਮ ਵਿਦਿਆਰਥੀ ਲਈ ਕਾਕਾ ਮਯੰਕ ਪ੍ਰਸਾਦ ਨੂੰ ਮਾਤਾ ਮਹਿੰਦਰ ਕੌਰ ਸਦੀਵਕਾਲੀ ਯਾਦਗਾਰੀ ਐਵਾਰਡ ਅਤੇ ਸਰਬਪੱਖੀ ਸਰਵੋਤਮ ਵਿਦਿਆਰਥਣ ਲਈ ਨਾਜ਼ੀਆ ਨੂੰ ਸਰਦਾਰਨੀ ਸੁਰਿੰਦਰ ਕੌਰ ਸਰੂਪ ਸਿੰਘ ਸਦੀਵਕਾਲੀ ਯਾਦਗਾਰੀ ਐਵਾਰਡ ਦਿੱਤਾ ਗਿਆ। ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਲਈ ਸਿਮਰਪ੍ਰੀਤ ਸਿੰਘ ਨੂੰ ਬੀਬੀ ਉਰਵਿੰਦਰਜੀਤ ਕੌਰ ਮੈਮੋਰੀਅਲ ਐਵਾਰਡ ਅਤੇ ਜਸਜੀਤ ਸਿੰਘ ਨੂੰ ਹਰਬੰਸ ਸਿੰਘ, ਗੁਰਸ਼ਰਨ ਕੌਰ ਮੈਮੋਰੀਅਲ ਐਵਾਰਡ ਦੇ ਕੇ ਸਨਮਾਨਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਜਸਪਾਲ ਸਿੰਘ ਵਲੋਂ ‘ਪੰਜਾਬੀ ਅਰੰਭਿਕਾ’ ਦੀ ਘੁੰਡ ਚੁਕਾਈ ਕੀਤੀ ਗਈ ਤੇ ਪਹਿਲੀ ਕਾਪੀ ਜਸਬੀਰ ਸਿੰਘ ਨੂੰ ਭੇਟ ਕੀਤੀ ਗਈ। ਫੋਰਮ ਦੇ ਸਮੂਹ ਟੀਚਰਾਂ ਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ਤੇ ਬਣਾਏ ‘ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪਹਿਲਾ, ਦੂਜਾ, ਤੀਜਾ ਦਰਜਾ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਅਤੇ ਸਰਟੀਫਿਕੇਟ, ਟਰਾਫੀ ਤੇ ਗੋਲਡ ਮੈਡਲ ਦਿੱਤੇ ਗਏ।