ਸੱਤ ਵਪਾਰਕ ਸਰਗਰਮੀਆਂ ਲਈ ਪੁਲੀਸ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਸਰਕਾਰ ਨੇ ਸੱਤ ਵਪਾਰਕ ਸਰਗਰਮੀਆਂ ਲਈ ਪੁਲੀਸ ਦੀ ਇਜਾਜ਼ਤ ਲੈਣ ਬਾਰੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਦਿੱਲੀ ਸਰਕਾਰ ਨੇ ਕਿਹਾ ਕਿ ਸਵੀਮਿੰਗ ਪੂਲ, ਖਾਣ-ਪੀਣ ਵਾਲੇ ਘਰ, ਹੋਟਲ, ਡਿਸਕੋਥੇਕ, ਵੀਡੀਓ ਗੇਮ ਪਾਰਲਰ, ਮਨੋਰੰਜਨ ਪਾਰਕ ਅਤੇ ਆਡੀਟੋਰੀਅਮ ਨੂੰ ਹੁਣ ਆਪਣੇ ਕਾਰੋਬਾਰ ਚਲਾਉਣ ਲਈ ਪੁਲੀਸ ਦੀ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਕਦਮ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ 19 ਜੂਨ ਦੇ ਆਦੇਸ਼ ਦੀ ਪਾਲਣਾ ਕਰਦਾ ਹੈ। ਐਕਟ, 1978 ਦੀ ਧਾਰਾ 4 ਦੇ ਨਾਲ ਪੜ੍ਹੀ ਗਈ ਧਾਰਾ 28 (2) ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੁਲੀਸ ਕਮਿਸ਼ਨਰ ਨੂੰ ਉਸੇ ਐਕਟ ਦੀ ਧਾਰਾ 28 (1) ਤਹਿਤ ਇਨ੍ਹਾਂ ਵਪਾਰਕ ਸਰਗਰਮੀਆਂ ਨੂੰ ਨਿਯਮਤ ਕਰਨ ਲਈ ਦਿੱਤੀ ਗਈ ਪਹਿਲਾਂ ਦੀ ਮਨਜ਼ੂਰੀ ਵਾਪਸ ਲੈ ਲਈ ਹੈ। ਦਿੱਲੀ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਨੇ ਨਿਯਮਾਂ ਦੇ ਸੱਤ ਸੈੱਟਾਂ ਨੂੰ ਰੱਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ।