ਬੜਖਲ ਝੀਲ ਪ੍ਰਾਜੈਕਟ ਦੀ ਸੁਸਤ ਰਫ਼ਤਾਰ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਫਰੀਦਾਬਾਦ, 25 ਜੂਨ
ਇੱਥੇ ਇੱਕ ਹਜ਼ਾਰ ਕਰੋੜ ਰੁਪਏ ਦਾ ਸਮਾਰਟ ਸਿਟੀ ਦਾ ਬੜਖਲ ਝੀਲ ਪ੍ਰਾਜੈਕਟ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ। ਸਥਾਨਕ ਲੋਕਾਂ ਲਈ ਝੀਲ ਦੇ ਪੁਨਰ ਸੁਰਜੀਤੀ ਦੀ ਹੌਲੀ ਰਫ਼ਤਾਰ ਚਿੰਤਾ ਦਾ ਵਿਸ਼ਾ ਹੈ।
2018 ਵਿੱਚ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਅਜੇ ਵੀ ਪੂਰਾ ਹੋਣ ਦੀ ਉਡੀਕ ਕਰ ਰਿਹਾ ਹੈ, ਹਾਲਾਂਕਿ ਕਈ ਕਰੋੜ ਰੁਪਏ ਖਰਚ ਕੀਤੇ ਗਏ ਹਨ। 2002 ਵਿੱਚ ਮਾਈਨਿੰਗ ਅਤੇ ਭੂਮੀਗਤ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਸਣੇ ਕਈ ਕਾਰਨਾਂ ਕਾਰਨ ਝੀਲ ਸੁੱਕ ਗਈ ਸੀ। ਇਹ ਪ੍ਰਾਜੈਕਟ ਦਸੰਬਰ 2020, ਦਸੰਬਰ 2021, ਜੂਨ 2022, ਜੂਨ 2023 ਅਤੇ ਜੂਨ 2024 ਦੀ ਸਮਾਂ ਸੀਮਾ ਤੋਂ ਖੁੰਝ ਗਿਆ। ਜੰਗਲਾਤ ਵਿਭਾਗ ਤੋਂ ਐੱਨਓਸੀ ਦੀ ਘਾਟ ਅਤੇ ਕੋਵਿਡ ਮਹਾਂਮਾਰੀ ਕਾਰਨ ਇਹ ਲਗਪਗ ਤਿੰਨ ਸਾਲ ਤੱਕ ਰੁਕਿਆ ਪਿਆ ਰਿਹਾ ਸੀ।
ਜਦੋਂਕਿ ਸ਼ੁਰੂ ਵਿੱਚ 79 ਕਰੋੜ ਰੁਪਏ ਰੱਖੇ ਗਏ ਸਨ, ਇਹ ਦਾਅਵਾ ਕੀਤਾ ਗਿਆ ਹੈ ਕਿ ਕੁੱਲ ਬਜਟ 100 ਕਰੋੜ ਰੁਪਏ ਤੱਕ ਵਧਣ ਦੀ ਸੰਭਾਵਨਾ ਹੈ। ਫਰੀਦਾਬਾਦ ਸਮਾਰਟ ਸਿਟੀ ਲਿਮਟਿਡ ਇਸ ਪ੍ਰਾਜੈਕਟ ਨੂੰ ਪੂਰਾ ਕਰ ਰਹੀ ਹੈ। ਝੀਲ ਵਿੱਚ ਪਾਣੀ ਭਰਨ ਨਾਲ ਹੁਣ ਬੂਟੀ ਉੱਗ ਗਈ ਹੈ ਜਿਸ ਨੂੰ ਹਟਾਉਣ ਲਈ ਕਾਫੀ ਖਰਚਾ ਆਵੇਗਾ। ਭਾਵੇਂ ਕਿ ਝੀਲ ਲਈ ਵਿਸ਼ੇਸ਼ ਤੌਰ ‘ਤੇ ਵਿਕਸਤ ਕੀਤੇ ਗਏ ਪਲਾਟ ਦੀ ਮਦਦ ਨਾਲ ਪਾਣੀ ਲਗਪਗ ਭਰਿਆ ਪਿਆ ਹੈ ਪਰ ਸਥਾਨਕ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਇਸ ਨੂੰ ਸੈਲਾਨੀਆਂ ਦੇ ਅਨੁਕੂਲ ਬਣਾਉਣ ਲਈ ਮਰੀਨਾ ਬੇਅ ਅਤੇ ਬੰਨ੍ਹ ਵਰਗੇ ਢਾਂਚੇ ਅਜੇ ਅੱਧੇ ਹੀ ਪੂਰੇ ਹੋਏ ਹਨ। ਨਿਗਮ ਕੌਂਸਲਰ ਕਰਮਬੀਰ ਨੇ ਕਿਹਾ ਕਿ ਪਾਣੀ ਭਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਛੇਤੀ ਹੀ ਪ੍ਰਾਜੈਕਟ ਪੂਰਾ ਹੋਣ ਦੀ ਉਮੀਦ ਹੈ।