ਪਰਲਜ਼ ਕੰਪਨੀ ਦੀ ਜ਼ਮੀਨ 35.69 ਕਰੋੜ ਵਿੱਚ ਨਿਲਾਮ
ਜਗਤਾਰ ਸਮਾਲਸਰ
ਏਲਨਾਬਾਦ, 13 ਜੁਲਾਈ
ਏਲਨਾਬਾਦ ਦੇ ਪਿੰਡ ਨੀਮਲਾ ਵਿੱਚ ਸਥਿਤ ਪਰਲਜ਼ ਕੰਪਨੀ ਦੀ 216 ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ। ਇਹ ਜ਼ਮੀਨ 35 ਕਰੋੜ 69 ਲੱਖ ਰੁਪਏ ਵਿੱਚ ਵਿਕੀ ਹੈ ਜਿਸ ਨੂੰ ਸੋਨੀਪਤ ਦੀ ਇੱਕ ਪਾਰਟੀ ਵੱਲੋਂ ਖਰੀਦਿਆ ਗਿਆ ਹੈ। ਇਸ ਤਰ੍ਹਾਂ ਇਸ ਜ਼ਮੀਨ ਦਾ ਔਸਤ ਭਾਅ 16 ਤੋਂ 17 ਲੱਖ ਰੁਪਏ ਪ੍ਰਤੀ ਏਕੜ ਰਿਹਾ। ਲੋਢਾ ਕਮੇਟੀ ਵੱਲੋਂ ਇਸ ਜ਼ਮੀਨ ਦਾ ਮੁੱਢਲਾ ਭਾਅ 9 ਕਰੋੜ ਰੁਪਏ ਰੱਖਿਆ ਗਿਆ ਸੀ। ਨਿਲਾਮੀ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਇਹ ਜ਼ਮੀਨ ਪਰਲਜ਼ ਕੰਪਨੀ ਦੀਆਂ ਸਹਾਇਕ ਕੰਪਨੀਆਂ ਦੇ ਨਾਮ ਸੀ। ਪਿੰਡ ਵਾਸੀਆਂ ਅਤੇ ਖੇਤਰ ਦੇ ਲੋਕਾਂ ਨੇ ਕਿਹਾ ਕਿ ਇਸ ਜ਼ਮੀਨ ਦੀ ਕੀਮਤ ਜ਼ਿਆਦਾ ਸੀ ਪਰ ਬੋਲੀ ਘੱਟ ਕੀਮਤ ’ਤੇ ਹੋਈ ਹੈ। ਆਨਲਾਈਨ ਹੋਈ ਇਸ ਬੋਲੀ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਪਾਰਟੀਆਂ ਨੇ ਹਿੱਸਾ ਲਿਆ। ਹੁਣ ਨਿਲਾਮੀ ਤੋਂ ਬਾਅਦ ਖਰੀਦਦਾਰ ਪਾਰਟੀ ਵੱਲੋਂ ਪੂਰੀ ਰਕਮ ਇੱਕ ਮਹੀਨੇ ਵਿੱਚ ਅਦਾ ਕਰਕੇ ਰਜਿਸਟਰੀ ਆਪਣੇ ਨਾਮ ਕਰਵਾਉਣੀ ਹੋਵੇਗੀ। ਲੋਢਾ ਕਮੇਟੀ ਵੱਲੋਂ ਇਸ ਜ਼ਮੀਨ ਤੋਂ ਹਾਸਲ ਹੋਏ ਪੈਸੇ ਨਾਲ ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਦੇ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ।