ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 7 ਜੁਲਾਈ
ਇੱਥੇ ਪਿੰਡ ਅਨੰਗਪੁਰ ਵਿੱਚ ਚੱਲ ਰਹੀ ਤੋੜ ਫੋੜ ਦੀ ਕਾਰਵਾਈ ਖ਼ਿਲਾਫ਼ ਪੰਚਾਇਤ ਕੀਤੀ ਗਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਮਹਾਪੰਚਾਇਤ 13 ਜੁਲਾਈ ਨੂੰ ਕੀਤੀ ਜਾਵੇਗੀ ਜਿਸ ਵਿੱਚ ਗੁੱਜਰ ਭਾਈਚਾਰੇ ਦੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਗੁੱਜਰ ਭਾਈਚਾਰੇ ਦੇ ਆਗੂ ਸ਼ਾਮਲ ਹੋਣਗੇ। ਆਗੂਆਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਸਰਕਾਰ ਜੰਗਲਾਤ ਕਾਨੂੰਨ ਦੀ ਆੜ ਹੇਠ 1500 ਸਾਲ ਪੁਰਾਣੇ ਇਸ ਪਿੰਡ ਨੂੰ ਨਹੀਂ ਉਜਾੜੇਗੀ। ਕਾਂਗਰਸ ਦੇ ਆਗੂ ਵਿਜੈ ਪ੍ਰਤਾਪ ਨੇ ਕਿਹਾ ਕਿ ਇਹ ਕਾਨੂੰਨ ਹੁਣ ਬਣੇ ਹਨ ਜਦੋਂਕਿ ਪਿੰਡ ਬਹੁਤ ਪੁਰਾਣਾ ਵਸਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਅਤੇ ਜੰਗਲਾਤ ਵਿਭਾਗ ਦੀ ਟੀਮ ਅਨੰਗਪੁਰ ਵਿੱਚ ਉਸਾਰੀਆਂ ਨੂੰ ਹਟਾਉਣ ਲਈ ਕਾਰਵਾਈ ਕਰ ਰਹੀ ਹੈ, ਜਿਸ ਵਿੱਚ ਪ੍ਰਸ਼ਾਸਨ ਵੱਲੋਂ ਸੈਂਕੜੇ ਸਾਲ ਪਹਿਲਾਂ ਵਸੇ ਪਿੰਡ ਨੂੰ ਹਟਾਉਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਚੌਪਾਲ ਤੇ ਪੰਚਾਇਤ ਕੀਤੀ ਅਤੇ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਪਿੰਡ ਵਾਸੀ ਕੇਂਦਰੀ ਅਤੇ ਰਾਜ ਮੰਤਰੀਆਂ ਨੂੰ ਮਿਲੇ। ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਿੰਡ ਵਾਸੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ। ਇਸ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਵਿਜੈ ਪ੍ਰਤਾਪ ਸਿੰਘ ਵਿਚਾਲੇ ਸਿਆਸੀ ਰੱਸਾਕਸ਼ੀ ਵੀ ਜਾਰੀ ਹੈ। ਗੁੱਜਰ ਭਾਈਚਾਰੇ ਦੇ ਲੋਕਾਂ ਵਿੱਚ ਕ੍ਰਿਸ਼ਨ ਪਾਲ ਗੁੱਜਰ ਖ਼ਿਲਾਫ਼ ਗੁੱਸਾ ਹੈ ਕਿਉਂਕਿ ਉਹ ਸੱਤਾ ਵਿੱਜ ਹੁੰਦੇ ਹੋਏ ਵੀ ਕਰੋੜਾਂ ਰੁਪਏ ਦੇ ਫਾਰਮ ਹਾਊਸ ਤੋੜਨ ਤੋਂ ਨਹੀਂ ਬਚਾ ਸਕੇ। ਜਿਨ੍ਹਾਂ ਖੇਤਰਾਂ ਵਿੱਚ ਤੋੜ ਫੋੜ ਕੀਤੀ ਗਈ ਹੈ ਉਹ ਗੁੱਜਰ ਬਹੁਤ ਵਸੋਂ ਵਾਲੇ ਪਿੰਡ ਹਨ।