DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਹਿਲਗਾਮ ਹਮਲਾ: ਚੰਡੀਗੜ੍ਹੀਆਂ ਵੱਲੋਂ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ

ਮੋਮਬੱਤੀ ਮਾਰਚ ਕੀਤੇ; ਕਈ ਥਾਵਾਂ ’ਤੇ ਅਤਿਵਾਦ ਦੇ ਪੁਤਲੇ ਸਾੜੇ; ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਲੋਕ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 26 ਅਪਰੈਲ

Advertisement

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਪਿਛਲੇ ਦਿਨੀ ਹੋਏ ਅਤਿਵਾਦੀ ਹਮਲੇ ਦੌਰਾਨ ਸੈਲਾਨੀਆਂ ਦੀ ਮੌਤ ਹੋਣ ਜਾਣ ਕਰਕੇ ਸਾਰੇ ਦੇਸ਼ ਵਾਸੀਆਂ ਦੇ ਮਨਾਂ ਨੂੰ ਸੱਟ ਵਜੀਆਂ ਹਨ। ਇਸੇ ਤੋਂ ਨਾਰਾਜ਼ ਹੋ ਕੇ ਚੰਡੀਗੜ੍ਹ ਵਾਸੀਆਂ ਵੱਲੋਂ ਸੜਕਾਂ ’ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਸਮਾਜ ਸੇਵੀ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਵੀ ਗੁੱਸੇ ਦਾ ਪ੍ਰਗਟਾਵਾ ਕਰ ਰਹੀਆਂ ਹਨ। ਅੱਜ ਵੀ ਚੰਡੀਗੜ੍ਹ ਵਿੱਚ ਵੱਖ-ਵੱਖ ਵਰਗਾਂ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੈਂਡਲ ਮਾਰਚ ਕੀਤੇ ਗਏ। ਇਸੇ ਦੌਰਾਨ ਕਈਆਂ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਅਤਿਵਾਦ ਦੇ ਪੁਤਲੇ ਸਾੜੇ ਗਏ ਹਨ। ਭਾਜਪਾ ਦੇ ਮਾਈਨੋਰਿਟੀ ਮੋਰਚਾ ਵੱਲੋਂ ਪਾਕਿਸਤਾਨ ਦੇ ਖ਼ਿਲਾਫ਼ ਸੁਖਨਾ ਝੀਲ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਸ੍ਰੀ ਬਾਲਾਜੀਤ ਪ੍ਰਚਾਰ ਮੰਡਲ ਚੰਡੀਗੜ੍ਹ ਵੱਲੋਂ ਸੈਕਟਰ-32 ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਡ ਸੈਕਟਰ-32 ਵਿੱਚ ਆਯੁਕਵੈਦਿਕ ਸੈਂਟਰ ਨੇੜਿਓਂ ਸ਼ੁਰੂ ਹੋ ਕੇ ਸੈਕਟਰ-32 ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ, ਸੈਕਟਰ-32 ਦੀ ਮਾਰਕੀਟ ਵਿਖੇ ਸਮਾਗਮ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਅਤਿਵਾਦ ਦਾ ਪੁਤਲਾ ਸਾੜਿਆ।

ਨਿਰਦੋਸ਼ ਵਿਅਕਤੀਆਂ ਦੀ ਜਾਨ ਲੈਣਾ ਕਾਇਰਾਨਾ ਕਾਰਵਾਈ: ਹਰੀਪੁਰ

ਪੁਰਖਾਲੀ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਕਾਂਗਰਸੀ ਆਗੂ ਤੇ ਵਰਕਰ।

ਰੂਪਨਗਰ (ਜਗਮੋਹਨ ਸਿੰਘ): ਕਾਂਗਰਸੀ ਵਰਕਰਾਂ ਵੱਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਪੁਰਖਾਲੀ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਸਾਬਕਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਕਿਹਾ ਕਿ ਨਿਰਦੋਸ਼ ਵਿਅਕਤੀਆਂ ਦੀ ਜਾਨ ਲੈਣਾ ਕਾਇਰਾਨਾ ਕਾਰਵਾਈ ਹੈ ਅਤੇ ਅਜਿਹੀਆਂ ਹਰਕਤਾਂ ਕਾਰਨ ਦੇਸ਼ ਵਿੱਚ ਫਿਰਕੂ ਨਫਰਤ ਵਧਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਿਹੱਥਿਆਂ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਅੰਦਰ ਡੱਕਿਆ ਜਾਵੇ। ਇਸ ਮੌਕੇ ਲਖਵੰਤ ਸਿੰਘ ਹਿਰਦਾਪੁਰ, ਸੁਖਵਿੰਦਰ ਸਿੰਘ ਬਿੰਦਰਖ, ਦੀਪਕ ਗੁਪਤਾ ਪ੍ਰਧਾਨ ਮਾਰਕੀਟ ਪੁਰਖਾਲੀ, ਹਰਚੰਦ ਸਿੰਘ ਖੇੜੀ ਬਲਾਕ ਸਮਿਤੀ ਮੈਂਬਰ, ਕਾਕਾ ਹਵੀਬ ਪੁਰਖਾਲੀ, ਸਾਧ ਮੋਲਵੀ ਸਾਬ, ਬੱਗਾ ਪੁਰਖਾਲੀ, ਪੰਕਜ ਗੁਪਤਾ ਪੁਰਖਾਲੀ, ਬਲਵਿੰਦਰ ਪੰਚ ਪੁਰਖਾਲੀ, ਰਕੇਸ਼ ਪੁਰਖਾਲੀ, ਰਫੀਕ ਮੁਹੰਮਦ, ਰਿੰਕੂ ਹਿਰਦਾਪੁਰ ਅਤੇ ਮਹਿੰਦਰ ਸਿੰਘ ਸੈਂਫਲਪੁਰ ਹਾਜ਼ਰ ਸਨ।

ਖਰੜ (ਸ਼ਸ਼ੀ ਪਾਲ ਜੈਨ): ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਸਿਟੀ ਹਾਰਟ ਮਾਰਕੀਟ ਬਾਂਸਾਂ ਵਾਲੀ ਚੁੰਗੀ ਵਿੱਚੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਬਸ ਸਟੈਂਡ ਚੌਕ ਵਿਖੇ ਸਮਾਪਤ ਹੋਇਆ।

ਬਨੂੜ (ਕਰਮਜੀਤ ਸਿੰਘ ਚਿੱਲਾ): ਬਨੂੜ ਸ਼ਹਿਰ ਦੇ ਵਸਨੀਕਾਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਸ਼ਹਿਰ ਦੇ ਪ੍ਰਾਚੀਨ ਹਨੂੰਮਾਨ ਮੰਦਰ ਤੋਂ ਸ਼ੁਰੂ ਹੋਇਆ ਅਤੇ ਮੁੱਖ ਬਾਜ਼ਾਰ, ਐਮਸੀ ਰੋਡ ਤੋਂ ਹੁੰਦਾ ਬੰਨੋ ਮਾਈ ਮੰਦਰ ਵਿਖੇ ਸਮਾਪਤ ਹੋਇਆ।

ਖਮਾਣੋਂ ਦਾ ਬਾਜ਼ਾਰ ਬੰਦ

ਖਮਾਣੋਂ (ਜਗਜੀਤ ਕੁਮਾਰ): ਅੱਜ ਖਮਾਣੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਸਵੇਰੇ 11:30 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। ਸ਼ਹਿਰ ਦੇ ਸਮੂਹ ਦੁਕਾਨਦਾਰ ਬਾਜ਼ਾਰ ਵਿੱਚ ਪੁਲ ਤੇ ਇਕੱਠੇ ਹੋਏ ਅਤੇ ਇਸ ਉਪਰੰਤ ਪੂਰੇ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਤੋਂ ਬਾਅਦ ਬਦੇਸ਼ਾਂ ਰੋਡ ਹੁੰਦੇ ਹੋਏ ਦੁਰਗਾ ਮੰਦਰ ਵਿਖੇ ਜਾ ਕੇ ਪੀੜਤਾਂ ਨੂੰ ਸ਼ਰਧਾਂਜਲੀ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਖਮਾਣੋ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ, ਡਾਕਟਰ ਨਰੇਸ਼ ਚੌਹਾਨ, ਸੰਜੀਵ ਕਾਲੜਾ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਡਾ ਅਮਰਜੀਤ ਸੋਹਲ ਅਤੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਦੇਸ਼ ਵਾਸੀਆਂ ਦੇ ਦਿਲਾਂ ਤੇ ਵੱਡੀ ਠੇਸ ਪਹੁੰਚੀ ਹੈ ਅਤੇ ਦੁਨੀਆ ਭਰ ਵਿੱਚ ਇਸ ਵਾਪਰੀ ਘਟਨਾ ਦਾ ਵਿਆਪਕ ਵਿਰੋਧ ਹੋ ਰਿਹਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਕੀਤੀ ਜਾਵੇ।

‘ਆਪ’ ਵੱਲੋਂ ਕੁਰਾਲੀ ਵਿੱਚ ਮੋਮਬੱਤੀ ਮਾਰਚ

ਕੁਰਾਲੀ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ‘ਆਪ’ ਆਗੂ ਤੇ ਵਰਕਰ।

ਕੁਰਾਲੀ (ਮਿਹਰ ਸਿੰਘ): ‘ਆਪ’ ਪਾਰਟੀ ਦੀ ਸਥਾਨਕ ਇਕਾਈ ਵਲੋਂ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ ਅਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਅਤਿਵਾਦੀਆਂ ਦੇ ਪੁਤਲੇ ਸਾੜੇ। ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ, ਡਾ. ਅਸ਼ਵਨੀ ਕੁਮਾਰ, ਪ੍ਰਦੀਪ ਰੂੜਾ, ‘ਆਪ’ ਦੇ ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਅਤੇ ਅਮਿੱਤ ਖੁੱਲਰ ਦੀ ਅਗਵਾਈ ਹੇਠ ਹੋਏ ਇਸ ਰੋਸ ਮਾਰਚ ਦੌਰਾਨ ਪਾਕਿਸਤਾਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ ਅਤੇ ਸ਼ਹਿਰ ਦੇ ਮੇਨ ਚੌਂਕ ਵਿੱਚ ਪਾਕਿਸਤਾਨ ਅਤੇ ਅੱਤਵਾਦ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਤਿਵਾਦੀਆਂ ਦੇ ਪੁਤਲੇ ਸਾੜੇ ਗਏ। ਇਸ ਮੌਕੇ ਕੌਂਸਲਰ ਖੁਸ਼ਵੀਰ ਸਿੰਘ, ਪੰਕਜ ਕੁਮਾਰ, ਹਰਜੀਤ ਸਿੰਘ ਅਤੇ ਬਿਕਰਮ ਸਿੰਘ ਪਡਿਆਲਾ ਮੌਜੂਦ ਸਨ।

ਪ੍ਰਦਰਸ਼ਨਕਾਰੀਆਂ ਨੇ ਰੇਹੜੀ ਨੂੰ ਅੱਗ ਲਾਈ

ਅੰਬਾਲਾ (ਰਤਨ ਸਿੰਘ ਢਿੱਲੋਂ): ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਲੋਕਾਂ ’ਚ ਰੋਹ ਭਖ਼ ਰਿਹਾ ਹੈ। ਅੰਬਾਲਾ ਦੇ ਸਾਹਾ ਕਸਬੇ ਵਿੱਚ ਸੈਂਕੜੇ ਲੋਕ ਸਮਸਤ ਹਿੰਦੂ ਸਮਾਜ ਦੇ ਬੈਨਰ ਥੱਲੇ ਅੰਬਾਲਾ-ਜਗਾਧਰੀ ਸੜਕ ਤੇ ਮੁੱਖ ਚੌਕ ’ਤੇ ਇਕੱਠੇ ਹੋਏ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦਿਆਂ ਪਾਕਿਸਤਾਨ ਦੇ ਝੰਡੇ ਨੂੰ ਅੱਗ ਹਵਾਲੇ ਕਰਦਿਆਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਕੌਮੀ ਸ਼ਾਹਰਾਹ ’ਤੇ ਚਿਕਨ ਬਰਿਆਨੀ ਦੀ ਦੁਕਾਨ ਦੇ ਬਾਹਰ ਖੜ੍ਹੀ ਰੇਹੜੀ ਨੂੰ ਅੱਗ ਲਗਾ ਦਿੱਤੀ ਜਦੋਂ ਕਿ ਦੁਕਾਨ ਨੂੰ ਕੁਝ ਨਹੀਂ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਰੇਹੜੀ ਵੀ ਇੱਟਾਂ-ਪੱਥਰ ਮਾਰ ਕੇ ਤੋੜ ਦਿੱਤੀ। ਇਸ ਦੌਰਾਨ ਸਾਹਾ ਦੇ ਕੁਝ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਵਿਰੋਧ ਦਾ ਪ੍ਰਗਟਾਵਾ ਕੀਤਾ।

Advertisement
×