ਮੁੰਬਈ ਕ੍ਰਾਈਮ ਬ੍ਰਾਂਚ ਦੇ ਕਰਮਚਾਰੀ ਬਣ ਕੇ 30 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਫਰੀਦਾਬਾਦ, 30 ਜੂਨ
ਐੱਨਆਈਟੀ ਫਰੀਦਾਬਾਦ ਵਿੱਚ ਰਹਿਣ ਵਾਲੀ ਔਰਤ ਨੇ ਸਾਈਬਰ ਪੁਲੀਸ ਸਟੇਸ਼ਨ ਐੱਨਆਈਟੀ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਸੀ ਕਿ 16 ਜੂਨ ਨੂੰ ਉਸ ਨੂੰ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਹ ਮੁੰਬਈ ਕ੍ਰਾਈਮ ਬ੍ਰਾਂਚ ਦਾ ਇੰਸਪੈਕਟਰ ਹੈ ਅਤੇ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਗਰੋਂ ਹੋਰ ਨੰਬਰ ਤੋਂ ਪੁਲੀਸ ਅਧਿਕਾਰੀ ਦੀ ਵੀਡੀਓ ਕਾਲ ਆਈ ਅਤੇ ਉਸ ਨੇ ਕਿਹਾ ਕਿ ਔਰਤ ਜੈੱਟ ਏਅਰਵੇਜ਼ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ੀ ਹੈ ਅਤੇ ਉਸ ਨੂੰ ਘਰ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਔਰਤ ਨੂੰ ਡਿਜੀਟਲ ਗ੍ਰਿਫ਼ਤਾਰੀ ਦਾ ਹੁਕਮ ਭੇਜਿਆ ਜਾਵੇਗਾ ਅਤੇ ਉਸ ਨੂੰ ਇਸ ਮਾਮਲੇ ਵਿੱਚ 6 ਕਰੋੜ 80 ਲੱਖ ਰੁਪਏ ਦੇਣੇ ਪੈਣਗੇੇ। ਉਸ ਦੇ ਸੀਨੀਅਰ ਅਧਿਕਾਰੀ ਅਤੇ ਜੱਜ ਉਸ ਨਾਲ ਗੱਲ ਕਰਨਗੇ। ਉਹ ਨਾ ਤਾਂ ਇਸ ਬਾਰੇ ਕਿਸੇ ਨੂੰ ਦੱਸੇਗੀ ਅਤੇ ਨਾ ਹੀ ਘਰ ਤੋਂ ਬਾਹਰ ਜਾਵੇਗੀ। ਫੇਰ ਕੇਸ ਦਾ ਨਿਪਟਾਰਾ ਕਰਨ ਲਈ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ। ਮਗਰੋਂ ਔਰਤ ਨੇ ਆਰਟੀਜੀਐੱਸ ਰਾਹੀਂ ਧੋਖਾਧੜੀ ਕਰਨ ਵਾਲਿਆਂ ਵੱਲੋਂ ਦੱਸੇ ਗਏ ਖਾਤੇ ਵਿੱਚ 30,20,000 ਰੁਪਏ ਭੇਜੇ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁਕੇਸ਼ (35) ਅਤੇ ਅੰਸ਼ੂ (30) ਵਾਸੀ ਬੁੱਧ ਵਿਹਾਰ ਫੇਜ਼-2, ਰੋਹਿਣੀ ਸੈਕਟਰ 23, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮ ਦੋਸਤ ਹਨ। ਅੰਸ਼ੂ ਠੇਕੇਦਾਰ ਵਜੋਂ ਕੰਮ ਕਰਦਾ ਹੈ ਅਤੇ ਮੁਕੇਸ਼ ਓਐਲਏ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਕੁੱਲ 27,50,000 ਰੁਪਏ ਧੋਖਾਧੜੀ ਦੇ ਪੈਸੇ ਖਾਤੇ ਵਿੱਚ ਆਏ। ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।