ਚਾਕੂ ਮਾਰ ਕੇ ਮਾਂ-ਪੁੱਤ ਦਾ ਕਤਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦੱਖਣ-ਪੂਰਬੀ ਦਿੱਲੀ ਦੇ ਲਾਜਪਤ ਨਗਰ ਵਿੱਚ 42 ਸਾਲਾ ਔਰਤ ਅਤੇ ਉਸ ਦੇ 14 ਸਾਲਾ ਪੁੱਤਰ ਦੀ ਉਨ੍ਹਾਂ ਦੇ ਘਰ ਦੇ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਰੇਲਗੱਡੀ ਵਿੱਚ ਉੱਤਰਪ੍ਰਦੇਸ਼ ਜਾ ਰਹੇ ਉਨ੍ਹਾਂ ਦੇ ਨੌਕਰ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਉਸ ਨੇ ਪੁੱਛਗਿੱਛ ਦੌਰਾਨ ਅਪਰਾਧ ਕਰਨਾ ਮੰਨ ਲਿਆ ਹੈ। ਮ੍ਰਿਤਕਾਂ ਦੀ ਪਛਾਣ ਰੁਚਿਕਾ ਸੇਵਾਨੀ ਅਤੇ ਉਸ ਦੇ ਪੁੱਤਰ ਕ੍ਰਿਸ਼ ਵਜੋਂ ਹੋਈ ਹੈ। ਰੁਚਿਕਾ ਦੇ ਪਤੀ ਕੁਲਦੀਪ ਨੇ ਪੌੜੀਆਂ ‘ਤੇ ਖ਼ੂਨ ਦੇ ਧੱਬੇ ਦੇਖ ਕੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਲਾਜਪਤ ਨਗਰ-1 ਵਿੱਚੋਂ ਸੂਚਨਾ ਮਿਲਣ ’ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਘਰ ਦਾ ਦਰਵਾਜ਼ਾ ਤੋੜਿਆ। ਘਰ ਦੇ ਅੰਦਰੋਂ ਰੁਚਿਕਾ ਦੀ ਲਾਸ਼ ਬੈੱਡਰੂਮ ਵਿੱਚ ਮਿਲੀ ਜਦੋਂ ਕਿ ਕ੍ਰਿਸ਼ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ। ਰੁਚਿਕਾ ਅਤੇ ਉਸ ਦਾ ਪਤੀ ਲਾਜਪਤ ਨਗਰ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ ਚਲਾਉਂਦੇ ਸਨ, ਜਿੱਥੇ ਮੁੱਖ ਕਥਿਤ ਮੁਲਜ਼ਮ, 24 ਸਾਲਾ ਮੁਕੇਸ਼, ਡਰਾਈਵਰ ਅਤੇ ਸਹਾਇਕ ਵਜੋਂ ਵੀ ਕੰਮ ਕਰਦਾ ਸੀ।
ਇਸੇ ਦੌਰਾਨ ਇੱਕ ਦੂਜੀ ਘਟਨਾ ’ਚ ਪੁਲੀਸ ਨੇ ਦੱਸਿਆ ਕਿ ਆਊਟਰ ਨੌਰਥ ਦਿੱਲੀ ਦੇ ਹੈਦਰਪੁਰ ਇਲਾਕੇ ਵਿੱਚ ਅੱਠ ਵਿਅਕਤੀਆਂ, ਜਿਨ੍ਹਾਂ ਵਿੱਚ ਚਾਰ ਨਾਬਾਲਗ ਵੀ ਸ਼ਾਮਲ ਸਨ, ਵੱਲੋਂ ਇੱਕ 14 ਸਾਲਾ ਲੜਕੇ ਨੂੰ ਕਥਿਤ ਤੌਰ ‘ਤੇ ਕੱਪੜੇ ਉਤਾਰ ਕੇ, ਚਾਕੂ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਜਦੋਂ ਪੁਲੀਸ ਅਧਿਕਾਰੀ ਉੱਥੇ ਪਹੁੰਚੇ, ਤਾਂ ਉਨ੍ਹਾਂ ਨੂੰ ਅੱਧਸੜੀ ਲਾਸ਼ ਮਿਲੀ। ਪੁਲੀਸ ਨੇ ਇਸ ਸਬੰਧੀ ਦੋ ਮੁੱਖ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਸੀ।