ਸਾਈਕਲ ਯਾਤਰਾ ਨਾਲ ਨਸ਼ਾ ਛੱਡਣ ਦਾ ਸੁਨੇਹਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਜੂਨ
ਅੰਤਰਰਾਸ਼ਟਰੀ ਨਸ਼ਾ ਮੁਕਤ ਦਿਵਸ ’ਤੇ ਕੁਰੂਕਸ਼ੇਤਰ ਵਿੱਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਤੇ ਪੁਨਰਵਾਸ ਇੰਚਾਰਜ ਏਐੱਸਆਈ ਡਾ. ਅਸ਼ੋਕ ਕੁਮਾਰ ਵਰਮਾ ਨੇ ਸਾਈਕਲ ਯਾਤਰਾ ਰਾਹੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਰੁਕ ਕੇ ਲੋਕਾਂ ਨੂੰ ਇਕੱਠਾ ਕਰਕੇ ਕਿਹਾ ਕਿ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਗਠਨ ਸਿਰਫ ਤੇ ਸਿਰਫ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਤੇ ਇਸ ਦੇ ਉਦੇਸ਼ ਦੀ ਸਫਲਤਾ ਲੋਕਾਂ ਨੂੰ ਨਾਲ ਜੋੜੇ ਬਿਨਾਂ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਨਸ਼ੇ ਖ਼ਿਲਾਫ਼ ਯੁੱਧ ਆਰੰਭ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਤੀਬੰਧਿਤ ਨਸ਼ਿਆਂ ਦੇ ਨਾਲ ਨਾਲ ਹੋਰ ਨਸ਼ਿਆਂ ਦਾ ਵੀ ਤਿਆਗ ਕੀਤਾ ਜਾਏ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਹਰਿਆਣਾ ਕੰਟਰੋਲ ਬਿਊਰੋ ਦੇ ਹੈਲਪ ਲਾਈਨ ਨੰਬਰ 9050891508 ਜਾਂ 1933 ’ਤੇ ਨਸ਼ੇ ਖਿਲਾਫ ਗੁਪਤ ਸੂਚਨਾ ਦੇ ਕੇ ਇਕ ਸੱਚੇ ਨਾਗਰਿਕ ਦਾ ਫਰਜ਼ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਭਾਵ ਨਸ਼ੇ ਖ਼ਿਲਾਫ਼ ਜਾਣਕਾਰੀ ਦੇਣ ਵਾਲੇ ਦਾ ਨਾਮ ਉਜਾਗਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਨਸ਼ੇੇ ਤਿਆਗਣ ਦੀ ਸਹੁੰ ਵੀ ਚੁਕਾਈ।