ਰਤਨ ਸਿੰਘ ਅੰਬਾਲਾ
ਅੰਬਾਲਾ, 8 ਸਤੰਬਰ
ਅੰਬਾਲਾ ਕੈਂਟ ਵਿਚ ਸੈਨਾ ਦੇ ਲਾਪਤਾ ਲਾਂਸ ਹੌਲਦਾਰ ਪਵਨ ਸ਼ੰਕਰ ਦੀ ਲਾਸ਼ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਅਤੇ ਮੌਹੜਾ ਦੇ ਵਿਚਕਾਰ ਪਟੜੀ ਤੋਂ ਬਰਾਮਦ ਹੋਈ ਹੈ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਜਵਾਨ ਦੀ ਪਤਨੀ ਦੇ ਮੋਬਾਈਲ ’ਤੇ ਵੱਟਸਐਪ ਮੈਸੇਜ ਆਇਆ, ‘‘ਆਪ ਦੇ ਪਤੀ ਨੂੰ ਖ਼ੁਦਾ ਦੇ ਕੋਲ ਭੇਜ ਦਿੱਤਾ ਹੈ, ਪਾਕਿਸਤਾਨ ਜ਼ਿੰਦਾਬਾਦ।’’ ਪਵਨ ਸ਼ੰਕਰ ਦੇ ਜਿਸ ਮੋਬਾਈਲ ਤੋਂ ਉਸ ਦੀ ਪਤਨੀ ਨੂੰ ਮੈਸੇਜ ਭੇਜਿਆ ਗਿਆ ਉਸ ਦਾ ਵੀ ਕੋਈ ਅਤਾ-ਪਤਾ ਨਹੀਂ ਹੈ।
ਮੈਸੇਜ ਮਿਲਣ ਮਗਰੋਂ ਪੁਲੀਸ ਦੇ ਨਾਲ ਮਿਲਟਰੀ ਪੁਲੀਸ ਅਤੇ ਆਰਮੀ ਇੰਟੈਲੀਜੈਂਸ ਵੀ ਚੌਕਸ ਹੋ ਗਈ ਹੈ। ਸੈਨਿਕ ਦੇ ਪੋਸਟਮਾਰਟਮ ਤੋਂ ਪਹਿਲਾਂ ਹੀ ਸੈਨਾ ਦੀ ਟੀਮ ਅੰਬਾਲਾ ਕੈਂਟ ਦੇ ਹਸਪਤਾਲ ਪਹੁੰਚ ਗਈ ਅਤੇ ਕਿਸੇ ਤਰ੍ਹਾਂ ਦੀ ਵੀਡੀਓਗ੍ਰਾਫੀ ਤੋਂ ਇਨਕਾਰ ਕਰ ਦਿੱਤਾ ਗਿਆ। ਮਿਲਟਰੀ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸਵਿਲ ਹਸਪਤਾਲ ਵਿਚ ਡਾਕਟਰਾਂ ਦੇ ਪੈਨਲ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਲਾਂਸ ਹੌਲਦਾਰ ਪਵਨ ਸ਼ੰਕਰ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਕੈਲਈ ਪਿੰਡ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਅੰਬਾਲਾ ਕੈਂਟ ਵਿਚ ਆਰਮੀ ਦੀ 40ਏਡੀ ਵਿਚ ਤਾਇਨਾਤ ਸੀ। ਲਾਂਸ ਹੌਲਦਾਰ ਪਵਨ ਸ਼ੰਕਰ ਦੀ ਯੂਨਿਟ ਦੇ ਸੂਬੇਦਾਰ ਨੇ ਥਾਣਾ ਪੜਾਓ ਪੁਲੀਸ ਕੋਲ ਉਸ ਦੇ 6 ਸਤੰਬਰ ਸ਼ਾਮ 7.50 ਵਜੇ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਸੀ। ਜਾਣਕਾਰੀ ਅਨੁਸਾਰ ਪਵਨ ਸ਼ੰਕਰ ਦੇ ਸਰੀਰ ਤੇ ਸੱਟਾਂ ਦੇ ਕਾਫੀ ਨਿਸ਼ਾਨ ਮਿਲੇ ਹਨ। ਜੀਆਰਪੀ ਦੇ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵੀਰਵਾਰ ਸ਼ਾਮ 7 ਵਜੇ ਰੇਲਵੇ ਵੱਲੋਂ ਜਾਣਕਾਰੀ ਮਿਲੀ ਸੀ ਕਿ ਸ਼ਾਹਪੁਰ ਪਿੰਡ ਦੇ ਕੋਲ ਰੇਲਵੇ ਪਟੜੀ ’ਤੇ ਲਾਸ਼ ਪਈ ਹੈ। ਇਸ ਦੌਰਾਨ ਫੌਜ ਦੇ ਕੁਝ ਜਵਾਨ ਆਏ ਅਤੇ ਦੱਸਿਆ ਕਿ ਉਨ੍ਹਾਂ ਦਾ ਇਕ ਜਵਾਨ ਗਾਇਬ ਹੈ। ਉਨ੍ਹਾਂ ਨੇ ਲਾਸ਼ ਦੇਖ ਕੇ ਪੁਸ਼ਟੀ ਕੀਤੀ ਕਿ ਇਹ ਗੁੰਮ ਹੋਇਆ ਸੈਨਿਕ ਹੀ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦੇ ਕੋਲ ਕੋਈ ਮੈਸੇਜ ਵੀ ਆਇਆ ਹੈ। ਪੜਾਓ ਥਾਣਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੁਕਾਨ ’ਤੇ ਕੰਮ ਕਰਦੇ ਵਿਅਕਤੀ ਦਾ ਕਤਲ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਗਊਸ਼ਾਲਾ ਰੋਡ ਨੇੜੇ ਅੱਜ ਥਾਣਾ ਸਿਟੀ ਰੂਪਨਗਰ ਪੁਲੀਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਿੰਨ੍ਹੀ ਹੋਈ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਆਦਰਸ਼ ਨਗਰ ਵਾਸੀ ਦਵਾਰਕਾ ਦਾਸ (48) ਵਜੋਂ ਹੋਈ ਹੈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਆਦਰਸ਼ ਰੂਪਨਗਰ ਸ਼ਹਿਰ ਵਿੱਚ ਇੱਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ। ਲੰਘੀ ਰਾਤ ਜਦੋਂ ਉਹ ਘਰ ਨਾ ਪੁੱਜਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਲਿਖਵਾਈ ਗੁੰਮਸ਼ੁਦਗੀ ਦੀ ਰਿਪੋਰਟ ਦੇ ਆਧਾਰ ’ਤੇ ਪੁਲੀਸ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਤਲਾਸ਼ ਕਰਨ ਦੌਰਾਨ ਉਸ ਦੀ ਲਾਸ਼ ਮਿਲੀ ਹੈ।