ਰਾਜਧਾਨੀ ਤੋਂ ਛੇ ਰਾਜਾਂ ਦੇ 17 ਸ਼ਹਿਰਾਂ ਲਈ ਅੰਤਰਰਾਜੀ ਬੱਸ ਸੇਵਾ ਛੇਤੀ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਛੇ ਰਾਜਾਂ ਦੇ 17 ਸ਼ਹਿਰਾਂ ਲਈ ਅੰਤਰਰਾਜੀ ਬੱਸ ਸੇਵਾ 20 ਸਾਲਾਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ। ਦਿੱਲੀ ਸਰਕਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਪਣੀ ਅੰਤਰਰਾਜੀ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਹੈ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ12-ਮੀਟਰ ਲੰਬੀਆਂ, ਏਅਰ-ਕੰਡੀਸ਼ਨਡ ਇਲੈਕਟ੍ਰਿਕ ਬੱਸਾਂ ਵਿਸ਼ੇਸ਼ ਤੌਰ ’ਤੇ ਲੰਬੀ ਦੂਰੀ ਦੀ ਯਾਤਰਾ ਲਈ ਖਰੀਦੀਆਂ ਜਾਣਗੀਆਂ। ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵਿੱਚ ਆਰਾਮਦਾਇਕ ਸੀਟਾਂ, ਸੀਸੀਟੀਵੀ ਕੈਮਰੇ, ਜੀਪੀਐੱਸ ਅਤੇ ਪੈਨਿਕ ਬਟਨ ਹੋਣਗੇ। ਦਿੱਲੀ ਦੇ ਟਰਾਂਸਪੋਰਟ ਮੰਤਰੀ ਪੰਕਜ ਸਿੰਘ ਨੇ ਬੋਰਡ ਮੀਟਿੰਗ ਦੌਰਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਤੇ ਸਪੱਸ਼ਟ ਕੀਤਾ ਕਿ ਸਿਰਫ਼ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਨਵੀਆਂ ਡੀਟੀਸੀ ਬੱਸਾਂ ਉੱਤਰਾਖੰਡ ਦੇ ਰਿਸ਼ੀਕੇਸ਼, ਹਰਿਦੁਆਰ, ਦੇਹਰਾਦੂਨ ਅਤੇ ਦੋ ਹੋਰ, ਉੱਤਰ ਪ੍ਰਦੇਸ਼ ਦੇ ਅਯੁੱਧਿਆ, ਲਖਨਊ, ਮੁਰਾਦਾਬਾਦ ਅਤੇ ਦੋ ਹੋਰ, ਰਾਜਸਥਾਨ ਦੇ ਜੈਪੁਰ, ਅਲਵਰ, ਬੀਕਾਨੇਰ, ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ ਚੰਡੀਗੜ੍ਹ, ਹਰਿਆਣਾ ਦੇ ਪਾਣੀਪਤ, ਜੰਮੂ ਅਤੇ ਕਸ਼ਮੀਰ ਦੇ ਜੰਮੂ ਸ਼ਹਿਰਾਂ ਦੀ ਯਾਤਰਾ ਕਰਨਗੀਆਂ। 2004 ਤੱਕ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨਿਯਮਤ ਅੰਤਰ-ਰਾਜੀ ਰੂਟ ਚਲਾਉਂਦੀ ਸੀ। ਜਦੋਂ ਬੱਸਾਂ ਡੀਜ਼ਲ ਤੋਂ ਸੀਐੱਨਜੀ ਵਿੱਚ ਬਦਲ ਗਈਆਂ,ਤਾਂ ਸੇਵਾਵਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਯਾਤਰੀ ਇੱਕ ਐਪ ਰਾਹੀਂ ਆਪਣੀਆਂ ਸੀਟਾਂ ਬੁੱਕ ਕਰਨਗੇ। ਕਿਰਾਏ ਨੂੰ ਅਜੇ ਅੰਤਿਮ ਰੂਪ ਦੇਣਾ ਬਾਕੀ ਹੈ।