ਭੁੱਖ ਹੜਤਾਲ ’ਤੇ ਬੈਠੇ ਜੇਐੱਨਯੂ ਦੇ ਵਿਦਿਆਰਥੀਆਂ ਦੀ ਸਿਹਤ ਵਿਗੜੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੁਲਾਈ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੇ ਭੁੱਖ ਹੜਤਾਲ ‘ਤੇ ਬੈਠੇ ਵਿਦਿਆਰਥੀਆਂ ਵਿੱਚੋਂ ਕੁੱਝ ਦੀ ਸਿਹਤ ਵਿਗੜ ਗਈ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਭੁੱਖ ਹੜਤਾਲ ‘ਤੇ ਬੈਠੇ ਹੋਰ ਵਿਦਿਆਰਥੀਆਂ ਲੋਨੀ, ਸੌਰਿਆ ਅਤੇ ਅਭਿਸ਼ੇਕ, ਦੀ ਸਿਹਤ ਵੀ ਵਿਗੜ ਗਈ ਹੈ। ਲੋਨੀ ਦਾ ਸਰੀਰ ਆਕੜ ਗਿਆ ਤੇ ਨਾਲ ਹੀ ਛਾਤੀ ਵਿੱਚ ਦਰਦ ਵੀ ਸੀ। ਫਿਰ ਉਸ ਨੂੰ ਹੋਰ ਇਲਾਜ ਲਈ ਏਮਜ਼ ਲਿਜਾਇਆ ਗਿਆ। ਸੌਰਿਆ ਨੂੰ 11ਵੇਂ ਦਿਨ ਆਪਣੀ ਭੁੱਖ ਹੜਤਾਲ ਬੰਦ ਕਰਨੀ ਪਈ ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਉਸ ਦੀ ਹਾਲਤ ਵਿਗੜ ਗਈ।
ਅੱਜ ਯੂਨੀਅਨ ਦੇ ਪ੍ਰਧਾਨ ਨਿਤੀਸ਼ ਕੁਮਾਰ ਦੀ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਨਾਲ ਭੁੱਖ ਹੜਤਾਲ ਵਾਲੀ ਥਾਂ ਤੋਂ ਸਫਦਰਜੰਗ ਲਿਜਾਇਆ ਗਿਆ। ਆਗੂਆਂ ਨੇ ਸਾਬਰਮਤੀ ਟੀ-ਪੁਆਇੰਟ ‘ਤੇ ਭੁੱਖ ਹੜਤਾਲ ਵਾਲੀ ਥਾਂ ‘ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਭੁੱਖ ਹੜਤਾਲ ‘ਤੇ ਬੈਠੇ ਵਿਦਿਆਰਥੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਪੀਐੱਚਡੀ ਬੈਚਾਂ ਦੇ ਹੋਸਟਲ ਕੱਢਣ ਅਤੇ ਪ੍ਰੋਕਟੋਰੀਅਲ ਨੋਟਿਸਾਂ ਨੂੰ ਰੱਦ ਕਰਨ ਦੇ ਮੁੱਦੇ ਦੇ ਸਬੰਧ ਵਿੱਚ ਯੂਨੀਅਨ ਨੇ ਜੇਐੱਨਯੂਐੱਸਯੂ 2018, 2019 ਅਤੇ 2020 ਦੇ ਪੀਐੱਚਡੀ ਬੈਚਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਝੌਤੇ ’ਤੇ ਦਸਤਖਤ ਨਾ ਕਰਨ ਅਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ।
ਅਭਿਸ਼ੇਕ ਨੂੰ ਏਮਜ਼ ਲਿਜਾਇਆ ਗਿਆ। ਅੰਤਰਿਕਸ਼ਾ, ਮਣੀਕਾਂਤ, ਅਭਿਸ਼ੇਕ, ਬ੍ਰਿਟੀ, ਰਜਤ ਅਤੇ ਸ਼੍ਰੇ ਸਮੇਤ ਹੋਰਨਾਂ ਵੱਲੋਂ ਭੁੱਖ ਹੜਤਾਲ ਜਾਰੀ ਸੀ। ਵਿਦਿਆਰਥੀ ਆਪਣੀ ਮੰਗਾਂ ’ਤੇ ਡਟੇ ਹੋਏ ਸਨ। ਵਿਦਿਆਰਥੀਆਂ ਵੱਲੋਂ ਜੇਐਨਯੂਐੱਸਯੂ ਦੀ ਆਪਣੀ ਦਾਖ਼ਲਾ ਪ੍ਰੀਖਿਆ ਪ੍ਰਣਾਲੀ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੇਐੱਨਯੂ ਵਿਦਿਆਰਥੀ ਯੂਨੀਅਨ ਪਿਛਲੇ ਬਾਰ੍ਹਾਂ ਦਿਨਾਂ ਤੋਂ ਇਸ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਹੈ, ਜੋ ਕਿ ਹਾਲ ਹੀ ਵਿੱਚ ਪੇਸ਼ ਕੀਤੀ ਗਈ ਯੂਜੀਸੀ-ਨੈੱਟ ਸਕੋਰ-ਅਧਾਰਤ ਦਾਖ਼ਲਾ ਪ੍ਰਕਿਰਿਆ ਦੀ ਥਾਂ ’ਤੇ ਜੇਐੱਨਯੂ ਦੀ ਆਪਣੀ ਦਾਖ਼ਲਾ ਪ੍ਰੀਖਿਆ ਪ੍ਰਣਾਲੀ ਨੂੰ ਬਹਾਲ ਕਰਨ ਦੀ ਮੰਗ ਕਰ ਰਹੀ ਹੈ। ਹੜਤਾਲੀ ਵਿਦਿਆਰਥੀ ਸਖ਼ਤ ਸਰਕੁਲਰ ਨੂੰ ਵਾਪਸ ਲੈਣ ਦੀ ਵੀ ਮੰਗ ਕਰ ਰਹੇ ਹਨ ਜੋ ਅੰਤਿਮ ਸਾਲ ਦੇ ਪੀਐੱਚਡੀ ਵਿਦਿਆਰਥੀਆਂ ਨੂੰ ਹੋਸਟਲ ਰਿਹਾਇਸ਼ ਤੋਂ ਵਾਂਝਾ ਕਰਦਾ ਹੈ। ਹੜਤਾਲੀ ਕਾਰਕੁਨ ਆਮ ਵਿਦਿਆਰਥੀਆਂ ਅਤੇ ਕਾਰਕੁਨਾਂ ’ਤੇ ਲਗਾਏ ਗਏ ਮਨਮਾਨੇ ਜੁਰਮਾਨੇ ਨੂੰ ਰੱਦ ਕਰਨ ਅਤੇ ਵਿੱਤੀ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਜੀਵਨ ਰੇਖਾ-ਐੱਮਸੀਐੱਮ ਫੈਲੋਸ਼ਿਪ ਦੇ ਨੇਮਾਂ ਵਿੱਚ ਤਬਦੀਲੀ ਵਾਲੇ ਮਤੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।