ਹਰਿਆਣਾ ਦੀ ਪਹਿਲੀ ‘ਟ੍ਰੀ ਐਂਬੂਲੈਂਸ’ ਸੇਵਾ ਸ਼ੁਰੂ
ਪੱਤਰ ਪ੍ਰੇਰਕ
ਫਰੀਦਾਬਾਦ, 19 ਜੂਨ
ਇੱਥੇ ਅੱਜ ਫਰੀਦਾਬਾਦ ਨੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਨਵਾਂ ਇਤਿਹਾਸ ਰਚਿਆ। ਹਰਿਆਣਾ ਦੀ ਪਹਿਲੀ ‘ਟ੍ਰੀ ਐਂਬੂਲੈਂਸ’ ਸੇਵਾ ਵਿਕਟੋਰਾ ਲਾਈਫ ਫਾਊਂਡੇਸ਼ਨ ਵੱਲੋਂ ਸੈਕਟਰ 58 ਦੇ ਵਿਕਟੋਰੀਆ ਇੰਡਸਟਰੀਜ਼ ਕੈਂਪਸ ਤੋਂ ਸ਼ੁਰੂ ਕੀਤੀ ਗਈ। ਇਸ ਨਵੀਨਕਾਰੀ ਪਹਿਲਕਦਮੀ ਦੀ ਅਗਵਾਈ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਐੱਸਐੱਸ ਬੰਗਾ ਨੇ ਕੀਤੀ, ਜਿਨ੍ਹਾਂ ਨੇ ਐਂਬੂਲੈਂਸ ਰਸਮੀ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਟ੍ਰੀ ਐਂਬੂਲੈਂਸ ਸੇਵਾ ਦਾ ਉਦੇਸ਼ ਸ਼ਹਿਰ ਦੇ ਸੁੱਕ ਰਹੇ, ਡਿੱਗ ਰਹੇ ਜਾਂ ਬਿਮਾਰ ਰੁੱਖਾਂ ਨੂੰ ਤੁਰੰਤ ਮਦਦ ਕਰਨਾ ਹੈ। ਇਸ ਰਾਹੀਂ, ਰੁੱਖਾਂ ਨੂੰ ਦੁਬਾਰਾ ਸੰਭਾਲਣ, ਇਲਾਜ ਕਰਨ ਅਤੇ ਜੀਵਨ ਦੇਣ ਦੇ ਯਤਨ ਕੀਤੇ ਜਾਣਗੇ। ਸ੍ਰੀ ਬੰਗਾ ਨੇ ਉਦਘਾਟਨ ਸਮੇਂ ਕਿਹਾ ਕਿ ਹੁਣ ਸਿਰਫ਼ ਪੌਦੇ ਲਗਾਉਣਾ ਕਾਫ਼ੀ ਨਹੀਂ ਹੈ, ਉਨ੍ਹਾਂ ਦੀ ਦੇਖਭਾਲ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਸੇਵਾ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਐਂਬੂਲੈਂਸ ਵਿੱਚ ਆਧੁਨਿਕ ਸਰੋਤ ਅਤੇ ਉਪਕਰਣ ਉਪਲਬਧ ਹਨ, 200-400 ਲਿਟਰ ਪਾਣੀ ਦੀ ਟੈਂਕੀ, ਦੋ ਸਿਖਲਾਈ ਪ੍ਰਾਪਤ ਮਾਲੀ ਅਤੇ ਵਾਤਾਵਰਨ ਵਾਲੰਟੀਅਰ, ਜੈਵਿਕ ਕੀਟਨਾਸ਼ਕ, ਖਾਦ ਅਤੇ ਮਿੱਟੀ, ਪੌਦਿਆਂ ਨੂੰ ਕੱਟਣ ਲਈ ਛਾਂਟੀ ਦੇ ਸੰਦ, ਡਿੱਗੇ ਹੋਏ ਰੁੱਖਾਂ ਨੂੰ ਸੰਭਾਲਣ ਲਈ ਬਰੇਸਿੰਗ ਅਤੇ ਸਟੇਕਿੰਗ ਕਿੱਟਾਂ, ਪੌੜੀਆਂ, ਰੱਸੀਆਂ, ਪੁਲੀਆਂ ਅਤੇ ਉੱਚੇ ਰੁੱਖਾਂ ਦੀ ਦੇਖਭਾਲ ਲਈ ਸੁਰੱਖਿਆ ਗੇਅਰ ਆਦਿ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦਾ ਉਦੇਸ਼ ਇਸ ਸੇਵਾ ਅਧੀਨ 500 ਤੋਂ ਵੱਧ ਰੁੱਖਾਂ ਦਾ ਇਲਾਜ ਕਰਨਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ, ਪ੍ਰੋ. ਐੱਸਕੇ ਤੋਮਰ, ਕੇਕੇ ਅਗਨੀਹੋਤਰੀ ਤੇ ਸੁਖਦੇਵ ਸਿੰਘ (ਐਮਡੀ, ਹਿੰਦ ਹਾਈਡਰੌਲਿਕ) ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ।