ਸਰਕਾਰ ਦੀ ਅੱਖ ਹੁਣ ਨੰਗਲੀ ਡੇਅਰੀ ਦੀਆਂ ਝੁੱਗੀਆਂ ’ਤੇ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਆਮ ਆਦਮੀ ਪਾਰਟੀ ਨੇ ਮਟਿਆਲਾ ਵਿਧਾਨ ਸਭਾ ਵਿੱਚ ਸਥਿਤ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਮਦਰਾਸੀ ਕੈਂਪ, ਜੈਲਰਵਾਲਾ ਬਾਗ, ਭੂਮੀਹੀਨ ਕੈਂਪ ਨੂੰ ਢਾਹੁਣ ਤੋਂ ਬਾਅਦ, ਗ਼ਰੀਬ ਵਿਰੋਧੀ ਭਾਜਪਾ ਸਰਕਾਰ ਦੀ ਬੁਰੀ ਨਜ਼ਰ ਹੁਣ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ’ਤੇ ਪਈ ਹੈ। ਭਾਜਪਾ ਦੇ ਐੱਮਸੀਡੀ ਨੇ ਝੁੱਗੀਆਂ-ਝੌਂਪੜੀਆਂ ਵਿੱਚ ਨੋਟਿਸ ਲਗਾਏ ਹਨ ਅਤੇ 5 ਦਿਨਾਂ ਦੇ ਅੰਦਰ ਕਾਗਜ਼ ਨਾ ਦਿਖਾਉਣ ’ਤੇ ਝੁੱਗੀਆਂ-ਝੌਂਪੜੀਆਂ ’ਤੇ ਬੁਲਡੋਜ਼ਰ ਚਲਾਉਣ ਦੀ ਚਿਤਾਵਨੀ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਇਨ੍ਹਾਂ ਝੁੱਗੀਆਂ-ਝੌਂਪੜੀਆਂ ਵਿੱਚ ਰਾਤਾਂ ਬਿਤਾਉਂਦੇ ਸਨ ਅਤੇ ਜਿੱਥੇ ਵੀ ਝੁੱਗੀ-ਝੌਂਪੜੀ ਸੀ, ਉੱਥੇ ਘਰਾਂ ਦੇ ਕਾਰਡ ਵੰਡਦੇ ਸਨ। ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਲਗਾਤਾਰ ਗਰੀਬਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹ ਰਹੀ ਹੈ। ‘ਆਪ’ ਇਨ੍ਹਾਂ ਗਰੀਬਾਂ ਦੇ ਨਾਲ ਖੜ੍ਹੀ ਹੈ। ਝੁੱਗੀਆਂ-ਝੌਂਪੜੀਆਂ ਨੂੰ ਬਚਾਉਣ ਲਈ ਵਿਧਾਨ ਸਭਾ ਤੋਂ ਲੈ ਕੇ ਸੜਕ ਤੱਕ ਲੜਾਈ ਲੜੀ ਜਾਵੇਗੀ।
ਆਤਿਸ਼ੀ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੋਣਾਂ ਤੋਂ ਪਹਿਲਾਂ, ਭਾਜਪਾ ਆਗੂਆਂ ਨੇ ਦਿੱਲੀ ਦੀਆਂ ਵੱਖ-ਵੱਖ ਝੁੱਗੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਝੁੱਗੀਆਂ ਵਾਲਿਆਂ ਨਾਲ ਖਾਣਾ ਖਾਧਾ, ਬੱਚਿਆਂ ਨਾਲ ਲੂਡੋ-ਕੈਰਮ ਖੇਡਿਆ ਅਤੇ ਝੁੱਗੀਆਂ ਵਾਲਿਆਂ ਨੂੰ ‘ਜਹਾਂ ਝੁੱਗੀ ਵਹੀਂ ਮਕਾਨ’ ਕਾਰਡ ਦਿੱਤੇ। ਦਿੱਲੀ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਕਿਹਾ ਕਿ ਦਿੱਲੀ ਵਿੱਚ ਇੱਕ ਵੀ ਝੁੱਗੀ ਨਹੀਂ ਢਾਹੀ ਜਾਵੇਗੀ ਪਰ ਚੋਣਾਂ ਤੋਂ ਬਾਅਦ ਜਿਵੇਂ ਹੀ ਭਾਜਪਾ ਸਰਕਾਰ ਬਣੀ, ਭਾਜਪਾ ਨੇ ਦਿੱਲੀ ਵਿੱਚ ਇੱਕ ਤੋਂ ਬਾਅਦ ਝੁੱਗੀਆਂ ਕਲੋਨੀਆਂ ਦਾ ਸਫ਼ਾਇਆ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਨੰਗਲੀ ਡੇਅਰੀ ਦੇ ਜੇਜੇ ਕੈਂਪ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਹੈ।