ਸਾਈਬਰ ਠੱਗੀ ਦੇ ਦੋਸ਼ ਹੇਠ ਚਾਰ ਕਾਬੂ
ਨਵੀਂ ਦਿੱਲੀ, 28 ਜੂਨ
ਪੁਲੀਸ ਨੇ ਉਸ ਸਾਈਬਰ ਠੱਗੀ ਗਰੋਹ ਦਾ ਪਰਦਾਫਾਸ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਹੋਟਲ ਅਤੇ ਰੇਸਤਰਾਂ ਦੀ ਰੇਟਿੰਗ ਦੇਣ ਨਾਲ ਜੁੜੀਆਂ ਫਰਜ਼ੀ ਨੌਕਰੀਆਂ ਦੀ ਪੇਸ਼ਕਸ ਕਰਕੇ ਕਥਿਤ ਤੌਰ ’ਤੇ ਲੋਕਾਂ ਨਾਲ ਧੋਖਾਧੜੀ ਕਰਦਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੈਸ਼ਨ ਡਿਜ਼ਾਈਨਿੰਗ ਦੀ 32 ਸਾਲਾ ਇੱਕ ਵਿਦਿਆਰਥਣ ਨਾਲ ਜਾਲਸਾਜ਼ਾਂ ਵੱਲੋਂ 90,800 ਰੁਪਏ ਦੀ ਠੱਗੀ ਕੀਤੇ ਜਾਣ ਦੀ ਸ਼ਿਕਾਇਤ ਮਿਲਣ ਮਗਰੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੰਸ਼ੁਲ ਕੁਮਾਰ (20) ਅਤੇ ਸੰਦੀਪ (19) ਨੂੰ 20 ਜੂਨ ਨੂੰ ਜਦੋਂਕਿ ਰਾਜਿੰਦਰ (23)ਅਤੇ ਰਵਿੰਦਰ (20) ਨੂੰ 22 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਮੁਖੀ ਉੱਤਰੀ ਰਾਜਾ ਬੰਥੀਆ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਮਿਲਾ ਕੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸੂਬਿਆਂ ਵਿੱਚ ਸਬੰਧਤ ਬੈਂਕ ਖਾਤਿਆਂ ਨਾਲ ਜੁੜੀਆਂ 15 ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਅਧਿਕਾਰੀ ਅਨੁਸਾਰ ਸ਼ਿਕਾਇਤਕਾਰਾਂ ਨੂੰ ਸੋਸ਼ਲ ਮੀਡੀਆ ’ਤੇ ਸੁਨੇਹਾ ਮਿਲਿਆ, ਜਿਸ ਵਿੱਚ ਹੋਟਲ ਅਤੇ ਰੇਸਤਰਾਂ ਦੀ ਰੇਟਿੰਗ ਦੇਣ ਨਾਲ ਜੁੜੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੂੰ ਰਾਸ਼ੀ ਦਿੱਤੀ ਗਈ, ਜਿਸ ਨਾਲ ਭਰੋਸਾ ਹੋ ਗਿਆ। ਮਗਰੋਂ 90,800 ਨਿਵੇਸ਼ ਕਰਨ ਲਈ ਕਿਹਾ ਗਿਆ। ਇਸ ਬਦਲੇ ਮੁਨਾਫ਼ਾ ਮਿਲਣ ਦਾ ਵਾਅਦਾ ਕੀਤਾ ਗਿਆ। ਮਗਰੋਂ ਵਾਰ ਵਾਰ ਪੈਸੇ ਮੰਗਣ ’ਤੇ ਪੈਸੇ ਨਹੀਂ ਮਿਲੇ। ਪੁੱਛਗਿੱਛ ਦੌਰਾਨ ਅੰਸ਼ੁਲ ਅਤੇ ਸੰਦੀਪ ਨੇ ਆਪਣੇ ਬੈਂਕ ਖਾਤਿਆਂ ਨੂੰ ਰਾਜਿੰਦਰ ਅਤੇ ਰਵਿੰਦਰ ਨੂੰ ਦੋ ਫ਼ੀਸਦ ਕਮਿਸ਼ਨ ਦਿੱਤਾ। ਮਗਰੋਂ ਇਨ੍ਹਾਂ ਖਾਤਿਆਂ ਨੂੰ ਵਿਜੈ ਨਾਮ ਦੇ ਵਿਅਕਤੀ ਨੂੰ ਤਿੰਨ ਫ਼ੀਸਦ ਕਮਿਸ਼ਨ ’ਤੇ ਵੇਚਿਆ ਗਿਆ। ਪੁਲੀਸ ਨੇ ਚਾਰ ਮੋਬਾਈਲ, ਪੰਜ ਸਿਮ ਕਾਰਡ, ਦੋ ਬੈਂਕ ਪਾਸ ਬੁੱਕ ਜ਼ਬਤ ਕੀਤੀਆਂ ਹਨ। -ਪੀਟੀਆਈ