ਮੰਨੀਆਂ ਮੰਗਾਂ ਲਾਗੂ ਨਾ ਕਰਨ ’ਤੇ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 11 ਜੁਲਾਈ
ਨਗਰ ਪਾਲਿਕਾ ਕਰਮਚਾਰੀ ਯੂਨੀਅਨ ਹਰਿਆਣਾ ਵੱਲੋਂ ਨਗਰ ਨਿਗਮ ਯਮੁਨਾਨਗਰ ਦੇ ਗੇਟ ਮੂਹਰੇ ਇਕੱਠ ਕੀਤਾ ਗਿਆ ਜਿਸਦੀ ਪ੍ਰਧਾਨਗੀ ਯੂਨਿਟ ਪ੍ਰਧਾਨ ਪਾਪਲਾ ਨੇ ਕੀਤੀ ਅਤੇ ਸੰਚਾਲਨ ਸਹਿ-ਸਕੱਤਰ ਰਮੇਸ਼ ਨੇ ਕੀਤਾ। ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੁੱਖ ਸਲਾਹਕਾਰ ਰਾਜਕੁਮਾਰ ਸਸੋਲੀ ਨੇ ਕਿਹਾ ਕਿ ਨਗਰ ਨਿਗਮ ਯਮੁਨਾਨਗਰ ਪ੍ਰਸ਼ਾਸਨ ਅਤੇ ਯੂਨੀਅਨ ਵਿਚਕਾਰ ਹੋਈ ਗੱਲਬਾਤ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ‘ਤੇ ਸਹਿਮਤੀ ਬਣੀ ਸੀ ਕਿਉਂਕਿ ਸਾਰੇ ਸੇਵਾਮੁਕਤ ਕਰਮਚਾਰੀਆਂ ਨੂੰ ਦਸ ਦਿਨਾਂ ਦੇ ਅੰਦਰ ਸਾਰੇ ਲਾਭ ਦਿੱਤੇ ਜਾਣਗੇ ਪਰ ਕੁਝ ਕਰਮਚਾਰੀਆਂ ਨੂੰ ਸੇਵਾਮੁਕਤ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਹੁਣ ਤੱਕ ਸੇਵਾਮੁਕਤੀ ਲਾਭ ਨਹੀਂ ਦਿੱਤੇ ਗਏ ਹਨ। ਕਈ ਕਰਮਚਾਰੀ ਤਾਂ ਮੌਤ ਦੇ ਕੰਢੇ ‘ਤੇ ਹਨ ਪਰ ਸਰਕਾਰ ਨੂੰ ਇਨ੍ਹਾਂ ਸਾਬਕਾ ਬਜ਼ੁਰਗ ਕਰਮਚਾਰੀਆਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੱਤਰ ਅਨੁਸਾਰ, ਅਸਥਾਈ ਕਰਮਚਾਰੀਆਂ ਨੂੰ ਹਰ ਸਾਲ ਦੋ ਜੋੜੇ ਵਰਦੀਆਂ ਅਤੇ ਦੋ ਜੋੜੇ ਜੁੱਤੇ ਦਿੱਤੇ ਜਾਣੇ ਹਨ, ਪਰ ਚਾਰ ਸਾਲਾਂ ਤੋਂ ਕਰਮਚਾਰੀਆਂ ਨੂੰ ਵਰਦੀਆਂ ਅਤੇ ਜੁੱਤੇ ਨਹੀਂ ਦਿੱਤੇ ਗਏ ਹਨ, ਲਗਭਗ ਸਤਾਰਾਂ ਕਰਮਚਾਰੀਆਂ ਨੂੰ ਏਸੀਪੀ ਦਾ ਲਾਭ ਨਹੀਂ ਮਿਲਿਆ, ਲਗਭਗ 40 ਨਗਰਪਾਲਿਕਾਵਾਂ, ਕੌਂਸਲਾਂ, ਕਾਰਪੋਰੇਸ਼ਨਾਂ ਕਰਮਚਾਰੀਆਂ ਨੂੰ 2017 ਤੋਂ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਲਾਭ ਮਿਲਿਆ ਹੈ। ਨਗਰ ਨਿਗਮ ਪ੍ਰਸ਼ਾਸਨ ਨੇ 2017 ਤੋਂ ਬਕਾਏ ਦਾ ਮਾਮਲਾ ਸਵੀਕਾਰ ਕਰ ਲਿਆ ਸੀ ਪਰ ਪ੍ਰਸ਼ਾਸਨ ਇਹ ਦੇਣ ਤੋਂ ਝਿਜਕ ਰਿਹਾ ਹੈ । ਬਰਸਾਤ ਦੇ ਮੌਸਮ ਦੌਰਾਨ, ਸਫਾਈ ਕਰਮਚਾਰੀਆਂ ਨੂੰ ਆਪਣੀ ਹਾਜ਼ਰੀ ਲਗਾਉਣ ਲਈ ਇੱਥੇ-ਉੱਥੇ ਖੜ੍ਹੇ ਰਹਿਣਾ ਪੈਂਦਾ ਹੈ, ਨਗਰ ਨਿਗਮ ਪ੍ਰਸ਼ਾਸਨ ਨੇ ਹਾਜ਼ਰੀ ਸ਼ੈੱਡ ਬਣਾਉਣ ਲਈ ਵੀ ਸਹਿਮਤੀ ਦਿੱਤੀ ਸੀ, ਇਹ ਕੰਮ ਵੀ ਵੀ ਨਹੀ ਹੋਇਆ । ਨਿਗਮ ਪ੍ਰਸ਼ਾਸਨ ਨੇ ਲਗਭਗ ਤਿੰਨ-ਚਾਰ ਮਹੀਨੇ ਪਹਿਲਾਂ ਜਗਾਧਰੀ ਵਿੱਚ ਲੋਹੇ ਦੇ ਸ਼ੈੱਡ ਲਗਾਏ ਸਨ, ਪਰ ਉਨ੍ਹਾਂ ਨੂੰ ਉਸ ਜਗ੍ਹਾ ‘ਤੇ ਨਹੀਂ ਲਗਾਇਆ ਗਿਆ ਜਿੱਥੇ ਕਰਮਚਾਰੀਆਂ ਦੀ ਹਾਜ਼ਰੀ ਲਈ ਜਾਂਦੀ ਹੈ । ਯੂਨੀਅਨ ਦੇ ਅਹੁਦੇਦਾਰਾਂ ਮੁਤਾਬਕ ਨਗਰ ਨਿਗਮ ਯਮੁਨਾਨਗਰ ਵਿੱਚ ਖੇਤਰ ਦੇ ਹਿਸਾਬ ਨਾਲ ਸਫਾਈ ਦੇ ਕੰਮ ਲਈ ਲਗਭਗ ਦੋ ਹਜ਼ਾਰ ਤੋਂ 2500 ਕਰਮਚਾਰੀਆਂ ਦੀ ਲੋੜ ਹੈ, ਪਰ ਹੁਣ ਇਸ ਸਮੇਂ 140 ਸਥਾਈ ਕਰਮਚਾਰੀ ਅਤੇ 509 ਅਸਥਾਈ ਕਰਮਚਾਰੀ ਮਿਲਾਕੇ ਲਗਭਗ 649 ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ 70 ਤੋਂ 80 ਕਰਮਚਾਰੀ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਅਤੇ ਵਿਧਾਇਕਾਂ ਦੇ ਬੰਗਲਿਆਂ ਵਿੱਚ ਬੇਗਾਰ ਪ੍ਰਣਾਲੀ ਅਧੀਨ ਕੰਮ ਕਰ ਰਹੇ ਹਨ।