ਪੱਤਰ ਪ੍ਰੇਰਕ
ਰਤੀਆ, 30 ਸਤੰਬਰ
ਪਿੰਡ ਖਾਈ ਦੇ ਵਾਸੀਆਂ ਨੇ ਸਰਪੰਚ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਵਿਧਾਇਕ ਲਸ਼ਮਣ ਨਾਪਾ ਨੂੰ ਮੰਗ ਪੱਤਰ ਸੌਂਪ ਕੇ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਅਪਗ੍ਰੇਡ ਕਰਨ ਅਤੇ ਨਵੇਂ ਕਮਰੇ ਬਣਾਉਣ ਦੀ ਮੰਗ ਕੀਤੀ। ਵਿਧਾਇਕ ਨਾਪਾ ਨੂੰ ਦਿੱਤੇ ਮੰਗ ਪੱਤਰ ਵਿੱਚ ਸਰਪੰਚ ਰਾਕੇਸ਼ ਕੁਮਾਰ, ਨਾਰਾਇਣ ਦਾਸ, ਨੰਬਰਦਾਰ ਰਾਜ ਕੁਮਾਰ ਕੰਬੋਜ, ਨਰੇਸ਼ ਕੁਮਾਰ, ਸੰਦੀਪ ਕੁਮਾਰ, ਕਰਨ, ਪ੍ਰੇਮਨਾਥ, ਸੋਮਾ, ਮਨਪ੍ਰੀਤ, ਅਮਰੀਕ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਖਾਈ ਤੋਂ ਇਲਾਵਾ ਆਸ-ਪਾਸ ਦੇ ਖੇਤਰ ਵਿੱਚ ਕਈ ਪਿੰਡਾਂ ਦੇ ਬੱਚੇ ਵਿੱਦਿਆ ਪ੍ਰਾਪਤ ਕਰਦੇ ਹਨ ਪਰ ਉਨ੍ਹਾਂ ਨੂੰ ਮਿਡਲ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਦੂਰ-ਦੁਰਾਡੇ ਸਕੂਲਾਂ ਵਿੱਚ ਦਾਖਲਾ ਲੈਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇਰੀ ਪੜ੍ਹਾਈ ਲਈ ਬੱਚਿਆਂ ਨੂੰ ਬਲਿਆਲਾ ਜਾਂ ਰਤੀਆ ਦੇ ਸਕੂਲਾਂ ਵਿੱਚ ਜਾਣਾ ਪੈਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਖਾਸ ਕਰ ਕੇ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਵੱਡੀ ਗਿਣਤੀ ਬੱਚੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੰਦੇ ਹਨ। ਉਨ੍ਹਾਂ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਮਿਡਲ ਸਕੂਲ ਨੂੰ ਅਪਗ੍ਰੇਡ ਕਰਕੇ ਸਕੂਲ ਵਿੱਚ ਕਮਰਿਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ। ਪਿੰਡ ਵਾਸੀਆਂ ਨੇ ਇੱਕ ਹੋਰ ਮੰਗ ਪੱਤਰ ਵਿੱਚ ਕਿਹਾ ਕਿ ਪਿੰਡ ਵਿੱਚ ਬਣ ਰਹੀ ਫਿਰਨੀ ਦੇ ਨਾਲ ਨਿਕਾਸੀ ਨਾਲੇ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਫਿਰਨੀ ਦੇ ਨਾਲ ਲੱਗਦੇ ਵਾਰਡਾਂ ਵਿੱਚ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀਆਂ ਪਾਈਪਾਂ ਪਹਿਲਾਂ ਹੀ ਵਿਛਾਈਆਂ ਹੋਈਆਂ ਹਨ। ਸਰਪੰਚ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਸਾਬਕਾ ਪੰਚਾਇਤ ਨੇ ਕੁਝ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਨਿਕਾਸੀ ਪਾਈਪਾਂ ਪਾ ਦਿੱਤੀਆਂ ਸਨ, ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਰਹੀ ਹੈ। ਹੁਣ ਡਰੇਨ ਦੀ ਲੋੜ ਨਹੀਂ ਹੈ।