ਪੀ.ਪੀ. ਵਰਮਾ
ਪੰਚਕੂਲਾ, 5 ਸਤੰਬਰ
ਹਰਿਆਣਾ ਦੇ ਇੱਕੋ ਇੱਕ ਪਹਾੜੀ ਇਲਾਕੇ ਮੋਰਨੀ ਵਿੱਚ ਪਹਾੜ ਖਿਸਕਣ ਦਾ ਡਰ ਲੋਕਾਂ ਵਿੱਚ ਬਣਿਆ ਹੋਇਆ ਹੈ, ਜਿਸ ਕਾਰਨ ਉਹ ਘਰ ਛੱਡਣ ਦੀ ਤਿਆਰੀ ਕਰ ਰਹੇ ਹਨ। ਮੋਰਨੀ ਦੇ ਅੱਧਾ ਦਰਜਨ ਪਿੰਡਾਂ ਵਿੱਚ ਪਹਾੜੀ ਤੋਂ ਮਲਬਾ ਡਿੱਗ ਜਾਣ ਕਾਰਨ ਲੋਕਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਪਿੰਡ ਬਾਲਗ ਅਤੇ ਪਿੰਡ ਖਾਰੋਗ ਦਨਿੋਂ-ਦਨਿ ਧਸ ਰਹੇ ਹਨ। ਮੀਂਹ ਕਾਰਨ ਮੋਰਨੀ ਅਤੇ ਆਸਪਾਸ ਦੇ ਪਿੰਡਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਬਾਲਗ ਅਤੇ ਪਿੰਡ ਖਾਰੋਗ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਛੇਤੀ ਆਰਥਿਕ ਮਦਦ ਮਿਲਣ ਦੀ ਉਮੀਦ ਹੈ। ਦੁਖੀ ਪਿੰਡ ਵਾਸੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ’ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਿੰਡ ਦੇ ਲੋਕ ਡਰ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਨ। ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੀੜਤ ਪਿੰਡ ਵਾਸੀ ਆਪਣੇ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਮਜਬੂਰ ਹਨ। ਕੁਝ ਪ੍ਰਸ਼ਾਸਨਿਕ ਅਧਿਕਾਰੀ ਆਏ ਸਨ ਪਰ ਅਜੇ ਵੀ ਮਾਲੀ ਸਹਾਇਤਾ ਨਾ ਮਿਲਣ ਕਾਰਨ ਪਿੰਡ ਵਾਸੀ ਨਿਰਾਸ਼ ਹਨ। ਬਾਲਗ ਪਿੰਡ ਦੇ ਪੀੜਤ ਕਿਸਾਨ ਦੁਨੀ ਚੰਦ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਛੇ ਬੱਚੇ ਅਤੇ ਔਰਤਾਂ ਸਮੇਤ ਹੋਰਨਾਂ ਥਾਵਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰ ਕੇ ਸਮਾਂ ਗੁਜ਼ਾਰ ਰਿਹਾ ਹੈ।