ਪੱਤਰ ਪ੍ਰੇਰਕ ਨਵੀਂ ਦਿੱਲੀ, 11 ਜੁਲਾਈ ਮਾਡਲ ਟਾਊਨ ਸਰਕਲ ਵਿੱਚ ਤਾਇਨਾਤ ਦਿੱਲੀ ਟ੍ਰੈਫਿਕ ਪੁਲੀਸ ਦੇ ਇੱਕ ਇੰਸਪੈਕਟਰ ਨੂੰ ਰੋਹਿਣੀ ਸਰਕਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਕਾਰਵਾਈ ਬੁੱਧਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮੁਕਰਬਾ ਚੌਕ ਅਤੇ ਆਜ਼ਾਦਪੁਰ ਦੇ ਵਿਚਕਾਰਲੇ ਹਿੱਸੇ ‘ਤੇ ਮੌਨਸੂਨ ਦੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਪੈਦਾ ਹੋਏ ਟ੍ਰੈਫਿਕ ਜਾਮ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਕਾਰਨ ਕੀਤੀ ਗਈ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ ਟ੍ਰੈਫਿਕ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ 9 ਜੁਲਾਈ ਨੂੰ ਮੁਕਰਬਾ ਚੌਕ ਅਤੇ ਆਜ਼ਾਦਪੁਰ ਵਿੱਚ ਭਾਰੀ ਟ੍ਰੈਫਿਕ ਜਾਮ ਸੀ, ਜੋ 4 ਤੋਂ 5 ਘੰਟੇ ਤੱਕ ਚੱਲਿਆ। ਮੌਨਸੂਨ ਦੀ ਤਿਆਰੀ ਅਤੇ ਪਾਣੀ ਭਰਨ ਸਬੰਧੀ ਜਾਰੀ ਕੀਤੀਆਂ ਗਈਆਂ ਪਹਿਲਾਂ ਦੀਆਂ ਹਦਾਇਤਾਂ ਅਤੇ ਮੀਟਿੰਗ ਦੇ ਮਿੰਟ ਦੇ ਬਾਵਜੂਦ ਹਦਾਇਤਾਂ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਟ੍ਰੈਫਿਕ ਇੰਸਪੈਕਟਰ ਸਮੇਤ ਸਟਾਫ਼ ਸਭ ਤੋਂ ਅਹਿਮ ਥਾਵਾਂ ’ਤੇ ਉਪਲਬਧ ਨਹੀਂ ਸੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ।
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਯਮੁਨਾ ਨਦੀ ਦੇ ਸੁਰਜੀਤੀ ਸਬੰਧੀ ਮੀਟਿੰਗ ਕੀਤੀ। ਇਹ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਜਿਸ ਵਿਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਤੇ ਸੀਆਰ ਪਾਟਿਲ ਵੀ ਮੌਜੂਦ ਸਨ।
ਇਸ ਮੌਕੇ ਯਮੁਨਾ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਮੁੜ ਸੁਰਜੀਤ ਕਰਨ ਲਈ ਚਰਚਾ ਕੀਤੀ ਗਈ ਤੇ ਇਸ ਸਬੰਧੀ ਬਾਕੀ ਧਿਰਾਂ ਤੋਂ ਸਹਿਯੋਗ ਮੰਗਿਆ ਗਿਆ ਤੇ ਕਾਰਜ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿੱਚ ਦਿੱਲੀ ਜਲ ਬੋਰਡ ਨੇ ਰਾਜਧਾਨੀ ਦੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਸੀਵਰੇਜ ਨੈੱਟਵਰਕਾਂ ਨੂੰ ਅਪਗ੍ਰੇਡ ਕਰਨ, ਟੈਂਕਰ ਸੇਵਾਵਾਂ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਪ੍ਰਦੂਸ਼ਿਤ ਯਮੁਨਾ ਨਦੀ ਨੂੰ ਮੁੜ ਸੁਰਜੀਤ ਕਰਨ ਲਈ 45-ਨੁਕਾਤੀ ਕਾਰਜ ਯੋਜਨਾ ਸ਼ੁਰੂ ਕੀਤੀ ਸੀ। ਇੱਕ ਸੀਨੀਅਰ ਅਧਿਕਾਰੀ ਅਨੁਸਾਰ, 9,000 ਕਰੋੜ ਰੁਪਏ ਦੇ ਬਜਟ ਨਾਲ ਇਹ ਵੱਡੀ ਯੋਜਨਾ ਅਗਲੇ ਸਾਲ ਤੱਕ ਪੂਰੀ ਹੋਣ ਦੀ ਉਮੀਦ ਹੈ।
ਇਸ ਮੀਟਿੰਗ ਵਿਚ ਦਿੱਲੀ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਅਧਿਕਾਰੀ ਵੀ ਸ਼ਾਮਲ ਹੋਏ। ਦਿੱਲੀ ਦੇ ਕਾਲਿੰਦੀ ਕੁੰਜ ਘਾਟ ‘ਤੇ ਯਮੁਨਾ ਨਦੀ ‘ਤੇ ਜ਼ਹਿਰੀਲੀ ਝੱਗ ਤੈਰਨ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਹਨ। ਇਸ ਮੌਕੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਅਤੇ ਦਿੱਲੀ ਦੇ ਮੁੱਖ ਸਕੱਤਰ ਧਰਮਿੰਦਰ ਨੇ ਵੀ ਵਿਚਾਰ ਪ੍ਰਗਟਾਏ। ਯਮੁਨਾ ਸਫ਼ਾਈ ਮੁਹਿੰਮ ਦਾ ਉਦੇਸ਼ ਰਾਜਧਾਨੀ ਲਈ ਸਾਫ਼ ਪਾਣੀ ਅਤੇ ਪ੍ਰਦੂਸ਼ਣ ਮੁਕਤ ਯਮੁਨਾ ਬਣਾਉਣਾ ਹੈ। ਮੁੱਖ ਮੰਤਰੀ ਗੁਪਤਾ ਨਿੱਜੀ ਤੌਰ ‘ਤੇ ਨਦੀ ਦੇ ਪੁਨਰ ਸੁਰਜੀਤ ਕਰਨ ਦੇ ਯਤਨਾਂ ਦੀ ਅਗਵਾਈ ਕਰ ਰਹੇ ਹਨ, ਜਿਸਦੀ ਨੇੜਿਓਂ ਨਿਗਰਾਨੀ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਪੀਡਬਲਿਯੂਡੀ ਮੰਤਰੀ ਪਰਵੇਸ਼ ਵਰਮਾ ਵੱਲੋਂ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਬਜਟ 9,000 ਕਰੋੜ ਰੁਪਏ ਹੈ ਅਤੇ ਇਸ ਨੂੰ ਅਗਲੇ ਸਾਲ ਮੁਕੰਮਲ ਕਰਨ ਟੀਚਾ ਹੈ ਜਿਸ ਦੀ ਪੁਸ਼ਟੀ ਇੱਕ ਸੀਨੀਅਰ ਅਧਿਕਾਰੀ ਨੇ ਕੀਤੀ ਹੈ।
ਡਰੋਨ ਸਰਵੇਖਣ ਕਰਵਾਏਗਾ ਪ੍ਰਦੂਸ਼ਣ ਬੋਰਡ
ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਸਹਿਯੋਗ ਕਰ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸ਼ਹਿਰ ਵਿੱਚ ਕੁੱਲ 360 ਛੋਟੇ ਅਤੇ ਵੱਡੇ ਨਾਲਿਆਂ ਦੀ ਮੁੜ ਨਿਸ਼ਾਨਦੇਹੀ ਕਰੇਗਾ ਅਤੇ ਨਦੀ ਵਿੱਚ ਵਹਿਣ ਵਾਲੇ 22 ਪ੍ਰਮੁੱਖ ਨਾਲਿਆਂ ਲਈ ਇੱਕ ਡਰੋਨ ਸਰਵੇਖਣ ਕੀਤਾ ਜਾਵੇਗਾ। ਯਮੁਨਾ ਨਦੀ ਵਿੱਚ ਪ੍ਰਦੂਸ਼ਣ ਦੀ ਨਿਗਰਾਨੀ ਲਈ ਕੁੱਲ 67 ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਜੁਲਾਈ ਤੱਕ ਇੱਕ ਸਰਵੇਖਣ ਕੀਤਾ ਜਾਵੇਗਾ ਤੇ ਰਿਪੋਰਟ ਦਿੱਲੀ ਜਲ ਬੋਰਡ ਨੂੰ ਸੌਂਪ ਦਿੱਤੀ ਜਾਵੇਗੀ।