ਭਾਜਪਾ ਨੇ ਬਿਜਲੀ ਦਰਾਂ ’ਚ ਵਾਧਾ ਕਰਕੇ ਲੋਕਾਂ ਨੂੰ ਦਿਖਾਈ ‘ਪਾਵਰ’: ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜੁਲਾਈ
ਸੀਨੀਅਰ ਕਾਂਗਰਸ ਆਗੂ ਤੇ ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਬੀਪੀਐੱਲ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਧੀਆਂ ਦਰਾਂ ਤੇ ਸਰ੍ਹੋਂ ਦੀ ਤੇਲ ਦੀ ਕੀਮਤ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ। ਅਰੋੜਾ ਨੇ ਦੋਸ਼ ਲਾਇਆ ਹੈ ਕਿ ਪਹਿਲਾਂ ਭਾਜਪਾ ਨੇ ਗਰੀਬਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਥਿਆਈਆਂ ਤੇ ਹੁਣ ਬਿਜਲੀ ਦਰਾਂ ਵਿਚ ਵਾਧਾ ਕਰਕੇ ਉਨ੍ਹਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਅਰੋੜਾ ਆਪਣੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਅਰੋੜਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ 11 ਸਾਲਾਂ ਦੇ ਸ਼ਾਸ਼ਨ ਵਿਚ ਕੋਈ ਨਵਾਂ ਪਾਵਰ ਪਲਾਂਟ ਨਹੀਂ ਲਗਾਇਆ। ਪ੍ਰਧਾਨ ਮੰਤਰੀ ਵੱਲੋਂ ਯਮੁਨਾਨਗਰ ਵਿੱਚ ਇੱਕ ਨਵੀਂ ਯੂਨਿਟ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਦੀ 2030 ਤਕ ਬਨਣ ਦੀ ਉਮੀਦ ਹੈ। ਅਰੋੜਾ ਨੇ ਬੀਪੀਐੱਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਸਰ੍ਹੋਂ ਦੇ ਤੇਲ ਦੇ ਭਾਅ ਵਿੱਚ ਵਾਧੇ ’ਤੇ ਸਰਕਾਰ ਦੀ ਆਲੋਚਨਾ ਕੀਤੀ। ਸਰਕਾਰ ਨੇ ਤੇਲ ਦੀ ਕੀਮਤ 40 ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਹੈ। ਅਰੋੜਾ ਨੇ ਦੋਸ਼ ਲਾਇਆ ਹੈ ਕਿ ਥਾਨੇਸਰ ਨਗਰ ਪ੍ਰੀਸ਼ਦ ਵਿਚ ਨਾਲੀਆਂ ਦੀ ਸਫਾਈ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 18 ਜੂਨ ਨੂੰ ਨਾਲੀਆਂ ਦੀ ਸਫਾਈ ਤੇ ਮੁਰੰਮਤ ਦੇ ਨਾਂ ਤੇ 3 ਕਰੋੜ ਰੁਪਏ ਦਾ ਵਰਕ ਆਰਡਰ ਦਿੱਤਾ ਗਿਆ ਸੀ ਤੇ 30 ਜੂਨ ਤਕ ਸਾਰੇ ਕੰਮ ਪੂਰਾ ਹੋਇਆ ਦਿਖਾ ਦਿੱਤਾ। ਜਦਕਿ ਨਾਲੀਆਂ ਗੰਦਗੀ ਨਾਲ ਭਰੀਆਂ ਹੋਈਆਂ ਹਨ। ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਗੰਦਾ ਪਾਣੀ ਵੜ ਗਿਆ,ਇਹ ਬਹੁਤ ਵੱਡਾ ਘੋਟਾਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।