ਆਟੋਮੋਬਾਈਲ ਇਨ-ਪਲਾਂਟ ਰੇਲਵੇ ਸਾਈਡਿੰਗ ਨੂੰ ਹਰੀ ਝੰਡੀ ਦਿਖਾਈ
ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 17 ਜੂਨ
ਹਰਿਆਣਾ ਦੇ ਉਦਯੋਗਿਕ ਸ਼ਹਿਰ ਗੁਰੂਗ੍ਰਾਮ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਮਾਨੇਸਰ ਵਿੱਚ ਮਾਰੂਤੀ ਸੁਜ਼ੂਕੀ ਲਿਮਟਿਡ ਵਿਖੇ ਭਾਰਤ ਦੇ ਸਭ ਤੋਂ ਵੱਡੇ ਆਟੋਮੋਬਾਈਲ ਇਨ-ਪਲਾਂਟ ਰੇਲਵੇ ਸਾਈਡਿੰਗ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਰਜਿਸਟਰਡ ਮਾਨੇਸਰ ਰੇਲਵੇ ਸਾਈਡਿੰਗ ਨੂੰ ਹਰਿਆਣਾ ਦੇ ਸੋਨੀਪਤ ਅਤੇ ਪਲਵਲ ਵਿਚਕਾਰ 126 ਕਿਲੋਮੀਟਰ ਲੰਬੇ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਦੇ ਹਿੱਸੇ ਵਜੋਂ ਵਿਕਸਤ ਕੀਤਾ ਗਿਆ ਹੈ।
ਇਸ ਰੇਲਵੇ ਲਾਈਨ ਦੀ ਮਦਦ ਨਾਲ ਮਾਰੂਤੀ ਸਾਲ ਵਿੱਚ ਆਪਣੀਆਂ 4.5 ਲੱਖ ਰੇਲਗੱਡੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਯੋਗ ਹੋਵੇਗੀ। ਇਹ ਪ੍ਰਾਜੈਕਟ ਸੰਯੁਕਤ ਉੱਦਮ ਕੰਪਨੀ ਹਰਿਆਣਾ ਔਰਬਿਟਲ ਰੇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਚਲਾਇਆ ਜਾਵੇਗਾ। ਮਾਰੂਤੀ ਨੇ ਅੰਦਰੂਨੀ ਯਾਰਡ ਦੇ ਵਿਕਾਸ ਵਿੱਚ 127 ਕਰੋੜ ਰੁਪਏ ਖਰਚ ਕੀਤੇ ਹਨ। ਕੰਪਨੀ ਨੇ 325 ਕਰੋੜ ਰੁਪਏ ਖਰਚ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸ ਪੂਰੇ ਪ੍ਰਾਜੈਕਟ ਵਿੱਚ 452 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਮਾਰੂਤੀ ਦੇ ਅੰਦਰ 46 ਏਕੜ ਵਿੱਚ ਫੈਲਿਆ ਹੋਇਆ ਰੇਲਵੇ ਸਾਈਡਿੰਗ ਇੱਕ ਪੂਰੀ ਤਰ੍ਹਾਂ ਬਿਜਲੀ ਵਾਲਾ ਕੋਰੀਡੋਰ ਹੈ। ਕੰਪਨੀ ਵਿੱਚ ਰੇਲਵੇ ਟਰੈਕ ਦੀ ਲੰਬਾਈ 8.2 ਕਿਲੋਮੀਟਰ ਹੈ। 126 ਕਿਲੋਮੀਟਰ ਲੰਬੀ ਪਟੜੀ ਸੋਨੀਪਤ ਨੂੰ ਪਲਵਲ ਤੋਂ ਖਰਖੋਂਡਾ, ਪਟਲੀ, ਮਾਨੇਸਰ ਅਤੇ ਸੋਹਨਾ ਰਾਹੀਂ ਜੋੜਦੀ ਹੈ। ਵਰਤਮਾਨ ਵਿੱਚ ਪਟਲੀ ਰੇਲਵੇ ਸਟੇਸ਼ਨ ਨੂੰ 5.7 ਕਿਲੋਮੀਟਰ ਦੇ ਟਰੈਕ ਰਾਹੀਂ ਮਾਨੇਸਰ ਵਿੱਚ ਪਲਾਂਟ ਨਾਲ ਜੋੜਿਆ ਗਿਆ ਹੈ।
ਪ੍ਰੋਗਰਾਮ ਦੇ ਉਦਘਾਟਨ ਦੇ ਮੌਕੇ ‘ਤੇ ਕੇਂਦਰੀ ਰੇਲਵੇ ਸੂਚਨਾ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਯਾਤਰੀਆਂ ਦੀਆਂ ਸਹੂਲਤਾਂ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ।