ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਜੂਨ
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਨੇ ਕਿਹਾ ਕਿ ਖੂਨਦਾਨ ਨਾ ਸਿਰਫ ਜੀਵਨ ਬਚਾਉਣ ਵਾਲਾ ਕਾਰਜ ਹੈ ,ਸਗੋਂ ਇਹ ਸਮਾਜਿਕ ਸਦਭਾਵਨਾ ਤੇ ਮਨੁੱਖਤਾ ਦਾ ਵੀ ਪ੍ਰਤੀਕ ਹੈ। ਉਹ ਅੱਜ ਆਯੂਸ਼ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਆਯੁਰਵੇਦ ਸਟੱਡੀਜ਼ ਐਂਡ ਰਿਸਰਚ ਆਯੂਰਵੈਦਿਕ ਹਸਪਤਾਲ ਵਿੱਚ ਵਿਸ਼ਵ ਖੂਨ ਦਿਵਸ ਮੌਕੇ ਖੂਨਦਾਨ ਕੈਂਪ ਦੇ ਉਦਘਾਟਨ ਸਮਾਰੋਹ ਵਿੱਚ ਸੰਬੋਧਨ ਕਰ ਰਹੇ ਸਨ। ਵਾਈਸ ਚਾਂਸਲਰ ਨੇ ਖੂਨਦਾਨੀਆਂ ਨੂੰ ਬੈਜ ਲਾ ਕੇ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਖੂਨ ਦਾਨ ਵਰਗੇ ਪਵਿੱਤਰ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ। ਰਜਿਸਟਰਾਰ ਪ੍ਰੋ. ਵੈਦਿਆ ਬ੍ਰਿਜੇਂਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਆਯੁਰਵੇਦ ਸਟੱਡੀਜ਼ ਐਂਡ ਰਿਸਰਚ ਇੰਸਟੀਚਿਊਟ ਦੇ ਮੈਡੀਕਲ ਸੁਪਰਡੈਂਟ ਪ੍ਰੋ. ਵੈਦਿਆ ਰਾਜਿੰਦਰ ਸਿੰਘ ਤੇ ਕੈੈਂਪ ਦੇ ਕੋਆਰਡੀਨੇਟਰ ਡਾਇੰਮਡ ਖੂਨਦਾਨੀ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਕੈਂਪ ਵਿਚ 25 ਵਿਅਕਤੀਆਂ ਨੇ ਖੂਨਦਾਨ ਕੀਤਾ। ਡਾ. ਵਰਮਾ ਨੇ ਕਿਹਾ ਕਿ ਉਹ 545 ਵਾਰ ਖੂਨਦਾਨ ਕੈਂਪ ਲਾਉਣ ਦੇ ਨਾਲ ਨਾਲ 175 ਵਾਰ ਖੂਨਦਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ 85 ਵਾਰ ਪਲੇਟਲੈਟਸ ਵੀ ਦਾਨ ਕਰ ਚੁੱਕੇ ਹਨ। ਪਿੰਡ ਫਤੂਪੁਰ ਦੇ ਹਰਵਿੰਦਰ ਨੇ 51 ਵਾਰ ,ਕਪਿਲ ਅਗਰਵਾਲ ਨੇ 28ਵੀਂ ਵਾਰ ਖੂਨਦਾਨ ਕੀਤਾ ਹੈ।