ਪੱਤਰ ਪ੍ਰੇਰਕ
ਫਰੀਦਾਬਾਦ, 8 ਜੁਲਾਈ
ਸਾਈਬਰ ਪੁਲੀਸ ਸਟੇਸ਼ਨ ਬੱਲਭਗੜ੍ਹ ਨੂੰ ਆਪਣੀ ਸ਼ਿਕਾਇਤ ਵਿੱਚ ਉੱਚਾ ਪਿੰਡ ਦੀ ਔਰਤ ਨੇ ਦੋਸ਼ ਲਗਾਇਆ ਕਿ 27 ਮਈ ਨੂੰ ਉਸ ਨੂੰ ਘਰ ਬੈਠੇ ਪੈਸੇ ਕਮਾਉਣ ਲਈ ਉਸ ਦੇ ਵਟਸਐਪ ’ਤੇ ਸੁਨੇਹਾ ਮਿਲਿਆ। ਸਹਿਮਤ ਹੋਣ ’ਤੇ ਉਸ ਨੂੰ ਟੈਲੀਗ੍ਰਾਮ ਗਰੁੱਪ ਵਿੱਚ ਜੋੜ ਦਿੱਤਾ ਗਿਆ। ਮਗਰੋਂ ਧੋਖਾਧੜੀ ਕਰਨ ਵਾਲਿਆਂ ਨੇ ਦੋ ਕੰਮਾਂ ਦੇ ਬਦਲੇ ਉਸ ਦੇ ਖਾਤੇ ਵਿੱਚ 479/- ਰੁਪਏ ਭੇਜੇ ਅਤੇ ਫਿਰ ਉਸ ਨੂੰ ਭੁਗਤਾਨ ਕੀਤੇ ਕੰਮ ਕਰਨ ਲਈ ਕਿਹਾ ਗਿਆ। ਇਸ ਲਈ ਉਸ ਨੇ ਵੱਖ-ਵੱਖ ਕੰਮਾਂ ਲਈ ਕੁੱਲ 5,83,445/- ਰੁਪਏ ਭੇਜੇ। ਜਦੋਂ ਉਸ ਨੇ ਲਾਭ ਦੇ ਨਾਲ ਪੈਸੇ ਕਢਵਾਉਣ ਲਈ ਕਿਹਾ ਤਾਂ ਉਸ ਤੋਂ ਟੈਕਸ ਵਜੋਂ 1,34,516/- ਰੁਪਏ ਦੀ ਮੰਗ ਕੀਤੀ ਗਈ। ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਸ਼ਿਕਾਇਤ ‘ਤੇ ਸਾਈਬਰ ਪੁਲੀਸ ਸਟੇਸ਼ਨ ਬੱਲਭਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਨਵਨੀਤ ਨਾਇਕ (21) ਵਾਸੀ ਰਾਕੇਸ਼ ਪੁਰੀ, ਜੈਪੁਰ, ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਕ੍ਰੈਡਿਟ ਕਾਰਡ ਬੰਦ ਕਰਨ ਦੇ ਨਾਮ ’ਤੇ 52,936/- ਰੁਪਏ ਠੱਗੇ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਸਹਿਤਪੁਰ ਸਥਿਤ ਸੂਰਿਆ ਕਲੋਨੀ ਵਾਸੀ ਨਾਲ ਕ੍ਰੈਡਿਟ ਕਾਰਡ ਬੰਦ ਕਰਾਉਣ ਦੇ ਨਾਂ ਤੇ 50 ਹਜ਼ਾਰ ਤੋਂ ਵੱਧ ਦੀ ਠੱਗੀ ਮਾਰੀ ਗਈ। ਸਾਈਬਰ ਥਾਣਾ ਸੈਂਟਰਲ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸ ਨੂੰ ਕ੍ਰੈਡਿਟ ਕਾਰਡ ਦੀ ਸੀਮਾ ਵਧਾਉਣ ਲਈ ਕਾਲ ਆਈ, ਜਿਸ ਨੂੰ ਉਸ ਨੇ ਇਨਕਾਰ ਕਰ ਦਿੱਤਾ। ਉਸ ਨੂੰ ਕਾਰਡ ਬੰਦ ਕਰਨ ਲਈ ਕਿਹਾ, ਜਿਸ ਲਈ ਉਸ ਨੇ ਉਸ ਨੂੰ ਵਟਸਐਪ ‘ਤੇ ਕਾਰਡ ਬੰਦ ਕਰਨ ਲਈ ਇੱਕ ਲਿੰਕ ਭੇਜਿਆ। ਜਿਵੇਂ ਹੀ ਉਸਨੇ ਉਸ ਲਿੰਕ ‘ਤੇ ਕਲਿੱਕ ਕੀਤਾ ਅਤੇ ਵੇਰਵੇ ਭਰੇ, ਉਸ ਦੇ ਖਾਤੇ ਵਿੱਚੋਂ 52,936/- ਰੁਪਏ ਕੱਟ ਲਏ ਗਏ। ਪੁਲੀਸ ਨੇ ਇਸ ਸਬੰਧੀ ਅਬਦੁਲ ਹੱਕ (37) ਵਾਸੀ ਸੰਗਮ ਵਿਹਾਰ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ।