ਖ਼ਾਲਿਸਤਾਨ ਪੱਖੀ ਖਾੜਕੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁੱਦੇ ’ਤੇ ਕੈਨੇਡਾ ਨਾਲ ਸਫ਼ਾਰਤੀ ਟਕਰਾਅ ਦੌਰਾਨ ਭਾਰਤ ਨੇ ਉਸ ਮੁਲਕ ਵਿਚਲੇ ਆਪਣੇ ਕੌਂਸਲਖਾਨਿਆਂ ਦੇ ਅਮਲੇ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਕਦਮ ਭਾਰਤ ਨੇ ਕੈਨੇਡਾ ਰਹਿੰਦੇ ਜਾਂ ਉਥੋਂ ਦੀ ਯਾਤਰਾ ਦੀ ਤਿਆਰੀ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ (ਸੇਧ) ਜਾਰੀ ਕਰਨ ਤੋਂ ਫੌਰੀ ਬਾਅਦ ਚੁੱਕਿਆ ਹੈ। ਸੇਧ ਵਿਚ ਵਿਦੇਸ਼ ਮੰਤਰਾਲੇ ਨੇ ‘ਕੈਨੇਡਾ ਵਿਚ ਵਧ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਨਫ਼ਰਤੀ ਜੁਰਮਾਂ ਤੇ ਮੁਜਰਮਾਨਾ ਹਿੰਸਾ ਨੂੰ ਸਿਆਸੀ ਪੱਧਰ ’ਤੇ ਹਲਕੇ ਤੌਰ ’ਤੇ ਲਏ ਜਾਣ’ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਵਿਚ ਯਾਤਰਾ ਦੌਰਾਨ ‘ਬਹੁਤ ਜ਼ਿਆਦਾ ਚੌਕਸ’ ਰਹਿਣ ਲਈ ਕਿਹਾ ਹੈ। ‘ਕੈਨੇਡਾ ਵਿਚ ਵਿਗੜ ਰਹੇ ਸੁਰੱਖਿਆ ਮਾਹੌਲ’ ਦੇ ਮੱਦੇਨਜ਼ਰ ਖ਼ਾਸਕਰ ਭਾਰਤੀ ਵਿਦਿਆਰਥੀਆਂ ਨੂੰ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜਸਟਿਨ ਟਰੂਡੋ ਸਰਕਾਰ ਨੇ ਭਾਰਤ ਦੀ ਇਸ ਸੇਧ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਹੈ ਕਿ ਕੈਨੇਡਾ ਸੰਸਾਰ ਦੇ ਸਭ ਤੋਂ ਵੱਧ ਸੁਰੱਖਿਅਤ ਮੁਲਕਾਂ ਵਿਚ ਸ਼ੁਮਾਰ ਹੈ। ਕੈਨੇਡੀਅਨ ਸਰਕਾਰ ਦਾ ਇਹ ਭਰੋਸਾ ਬਹੁਤਾ ਦਮਦਾਰ ਨਹੀਂ ਹੈ।
ਖ਼ਾਲਿਸਤਾਨ ਪੱਖੀ ਪਾਬੰਦੀਸ਼ੁਦਾ ਗਰੁੱਪ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਖੁੱਲ੍ਹੇਆਮ ਭਾਰਤੀ-ਕੈਨੇਡੀਅਨ ਹਿੰਦੂਆਂ ਨੂੰ ਧਮਕੀਆਂ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਭਾਰਤ ਪਰਤ ਜਾਣ ਲਈ ਆਖੇ ਜਾਣ ਤੋਂ ਬਾਅਦ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਸੁਰੱਖਿਆ ਬਾਰੇ ਪ੍ਰਸ਼ਨ ਪੁੱਛੇ ਜਾਣੇ ਲਾਜ਼ਮੀ ਹਨ। ਪ੍ਰਧਾਨ ਮੰਤਰੀ ਟਰੂਡੋ ਦੀ ਪਾਰਟੀ ਦੇ ਭਾਰਤੀ-ਕੈਨੇਡੀਅਨ ਐੱਮਪੀ ਚੰਦਰ ਆਰਿਆ ਨੇ ਮੁਲਕ ਵਿਚ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ਉਤੇ ਦਹਿਸ਼ਤਗਰਦੀ ਅਤੇ ਹਿੰਦੂਆਂ ਖ਼ਿਲਾਫ਼ ਨਫ਼ਰਤੀ ਜੁਰਮਾਂ ਨੂੰ ਵਡਿਆਏ ਜਾਣ ਦੀ ਨਿਖੇਧੀ ਕੀਤੀ ਹੈ ਜੋ ਬਿਲਕੁਲ ਸਹੀ ਹੈ। ਉਸ ਨੇ ਜ਼ੋਰਦਾਰ ਢੰਗ ਨਾਲ ਦੋਸ਼ ਲਾਇਆ ਹੈ ਕਿ ਪੰਨੂ ਹਿੰਦੂ ਤੇ ਸਿੱਖ ਭਾਈਚਾਰਿਆਂ ਦਰਮਿਆਨ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ; ਕੈਨੇਡਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਨਿੱਝਰ ਕੇਸ ਵਿਚਲੀ ਜਾਂਚ ਦੇ ਵੇਰਵੇ ਭਾਰਤ ਨਾਲ ਸਾਂਝੇ ਕਰੇ। ਇਸ ਦੇ ਨਾਲ ਹੀ ਕੈਨੇਡਾ ਨੂੰ ਭਾਰਤੀ ਭਾਈਚਾਰੇ ਵਿਚ ਪਏ ਸਹਿਮ ਨੂੰ ਦੂਰ ਕਰਨ ਅਤੇ ਗੜਬੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਵਧੇਰੇ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ ਭਾਵੇਂ ਅਜਿਹਾ ਕਰਨ ਵਾਲੇ ਖ਼ਾਲਿਸਤਾਨੀ ਹੋਣ ਜਾਂ ਗੈਂਗਸਟਰ। ਕੈਨੇਡਾ ਵਿਚਲੇ ਕੌਮਾਂਤਰੀ ਵਿਦਿਆਰਥੀਆਂ ਵਿਚ ਭਾਰਤ ਦਾ ਹਿੱਸਾ ਸਭ ਤੋਂ ਵੱਧ ਹੋਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਉਥੋਂ ਦੀ ਸਰਕਾਰ ਭਾਰਤੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਵੇ। ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਹ ਸਫ਼ਾਰਤੀ ਅਤੇ ਕੂਟਨੀਤਕ ਟਕਰਾਅ ਪੰਜਾਬ ਉਤੇ ਕਾਫ਼ੀ ਪ੍ਰਭਾਵ ਪਾਵੇਗਾ। ਕੈਨੇਡਾ ਵਿਚ ਭਾਰਤੀ ਮੂਲ ਦੇ ਵਾਸੀਆਂ ਦੀ ਗਿਣਤੀ 14 ਲੱਖ ਤੋਂ ਵੱਧ, ਭਾਵ ਕੈਨੇਡਾ ਦੀ ਆਬਾਦੀ ਦਾ 3.7 ਫ਼ੀਸਦੀ ਹੈ ਜਿਸ ਵਿਚ ਅੱਧੇ ਤੋਂ ਜ਼ਿਆਦਾ ਪੰਜਾਬੀ ਹਨ। ਇਸ ਟਕਰਾਅ ਨੂੰ ਦੂਰ ਕਰਨਾ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹੈ।