ਨੌਸ਼ਹਿਰਾ ਪੰਨੂਆਂ ਵਿੱਚ ਰੰਜਿਸ਼ ਕਾਰਨ ਨੌਜਵਾਨ ਦੀ ਹੱਤਿਆ
ਪੱਤਰ ਪ੍ਰੇਰਕ
ਤਰਨ ਤਾਰਨ, 6 ਜੁਲਾਈ
ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਨੌਜਵਾਨਾਂ ਦੇ ਦੋ ਧੜਿਆਂ ਦਰਮਿਆਨ ਚਲਦਾ ਤਕਰਾਰ ਸ਼ੁੱਕਰਵਾਰ ਦੀ ਰਾਤ ਨੂੰ ਹਿੰਸਕ ਰੁਖ਼ ਅਖ਼ਤਿਆਰ ਕਰ ਗਿਆ। ਇਸ ਦੌਰਾਨ ਪਿੰਡ ਦੇ 19 ਸਾਲਾਂ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ| ਇਸ ਸਬੰਧੀ ਡੀਐੱਸਪੀ ਪੱਟੀ ਲਵਕੇਸ਼ ਸੈਣੀ ਨੇ ਅੱਜ ਇੱਥੇ ਦੱਸਿਆ ਕਿ ਲਵਪ੍ਰੀਤ ਸਿੰਘ ਦਾ ਆਪਣੇ ਹੀ ਪਿੰਡ ਦੇ ਨੌਜਵਾਨਾਂ ਨਾਲ ਬੀਤੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਸ਼ੁਕਰਵਾਰ ਦੀ ਰਾਤ ਆਪਣੇ ਘਰ ਦੇ ਸਾਹਮਣੇ ਵੱਡੇ ਭਰਾ ਸੁਖਰਾਜ ਸਿੰਘ ਨਾਲ ਬੈਠਾ ਸੀ| ਇਸ ਦੌਰਾਨ ਉਸ ਦੇ ਵਿਰੋਧੀ ਧੜੇ ਨਾਲ ਸਬੰਧਤ ਹਥਿਆਰਬੰਦ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ| ਡੀਐੱਸਪੀ ਨੇ ਦੱਸਿਆ ਕਿ ਹਮਲਾਵਰਾਂ ਨੇ ਲਵਪ੍ਰੀਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ| ਖੂਨ ਨਾਲ ਲਥ-ਪਥ ਲਵਪ੍ਰੀਤ ਸਿੰਘ ਨੂੰ ਪਰਿਵਾਰ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਗੁਰੂ ਰਾਮ ਦਾਸ ਹਸਪਤਾਲ, ਅੰਮ੍ਰਿਤਸਰ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ|
ਡੀਐੱਸਪੀ ਲਵਕੇਸ਼ ਸੈਣੀ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿੰਡ ਦੇ ਹੀ ਚਾਰ ਹਮਲਾਵਰ ਨੌਜਵਾਨਾਂ ਜਰਨੈਲ ਸਿੰਘ, ਕਰਨਬੀਰ ਸਿੰਘ, ਕਾਲੂ ਸਿੰਘ ਅਤੇ ਆਕਾਸ਼ਦੀਪ ਸਿੰਘ ਖ਼ਿਲਾਫ਼ ਸ਼ਨਿਚਰਵਾਰ ਨੂੰ ਬੀ ਐਨ ਐੱਸ ਦੀ ਦਫ਼ਾ 103, 190, 191 (3) ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਰਨੈਲ ਸਿੰਘ ਹਾਲੇ ਫ਼ਰਾਰ ਹੈ ਅਤੇ ਬਾਕੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ|