ਅੱਗ ਕਾਰਨ ਨੌਜਵਾਨ ਝੁਲਸਿਆ
ਜੈਂਤੀਪੁਰ: ਹਲਕਾ ਮਜੀਠਾ ਦੇ ਪਿੰਡ ਢੱਡੇ ਵਿੱਚ ਇੱਕ ਨੌਜਵਾਨ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿੱਚ ਆ ਗਿਆ। ਪੀੜਤ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਗਹਿਰੀ ਮੰਡੀ ਵਜੋਂ ਹੋਈ ਹੈ। ਉਹ ਸ਼ਾਮ ਨੂੰ ਚਵਿੰਡਾ ਦੇਵੀ ਜਾ ਰਿਹਾ ਸੀ। ਜਦੋਂ ਉਹ ਪਿੰਡ ਢੱਡੇ ਤੋਂ ਅੱਗੇ ਪਹੁੰਚਿਆ ਤਾਂ ਉੱਥੇ ਖੇਤਾਂ ਚ ਲੱਗੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ। ਇਸ ਘਟਨਾ ਬਾਰੇ ਪੁਲੀਸ ਚੌਕੀ ਚਵਿੰਡਾ ਦੇਵੀ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ। -ਪੱਤਰ ਪ੍ਰੇਰਕ
ਕੁੱਟਮਾਰ ਦੇ ਦੋਸ਼ ਹੇਠ ਦੋ ਖਿਲਾਫ਼ ਕੇਸ
ਕਪੂਰਥਲਾ: ਭੁਲੱਥ ਪੁਲੀਸ ਨੇ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਵਰਨ ਲਾਲ ਵਾਸੀ ਪਿੰਡ ਜਵਾਹਰ ਨਗਰ ਤੇ ਰਾਮ ਲੁਬਾਇਆ ਵਾਸੀ ਜਵਾਹਰ ਨਗਰ ਵਜੋਂ ਹੋਈ ਹੈ। ਪੱਪੀ ਪਤਨੀ ਸੇਵਾ ਸਿੰਘ ਵਾਸੀ ਜਵਾਹਰ ਨਗਰ ਨੇ ਪੁਲੀਸ ਨੂੰ ਦੱਸਿਆ ਕਿ ਉਕਤ ਵਿਅਕਤੀ ਉਸਦੀ ਗੈਰੇਜ ਦੀ ਬਣੀ ਕੰਧ ਨੂੰ ਢਾਹੁਣ ਲੱਗ ਪਿਆ। ਰੋਕਣ ’ਤੇ ਕੁੱਟਮਾਰ ਕਰਨ ਲੱਗ ਗਿਆ। ਇਸੇ ਤਰ੍ਹਾਂ ਸਦਰ ਪੁਲੀਸ ਨੇ ਰਾਜਵਿੰਦਰ ਕੌਰ ਪਤਨੀ ਯੋਗੇਸ਼ ਕੁਮਾਰ ਵਾਸੀ ਅਵਤਾਰ ਨਗਰ ਦੀ ਸ਼ਿਕਾਇਤ ’ਤੇ ਕੁੱਟਮਾਰ ਕਰਕੇ ਪਰਸ ਚੋਰੀ ਕਰਨ ਦੇ ਦੋਸ਼ ਹੇਠ ਦਲਜੀਤ ਸਿੰਘ ਉਰਫ਼ ਸੋਨੂੰ ਵਾਸੀ ਭਗਤ ਸਿੰਘ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਅਣਪਛਾਤੀ ਲਾਸ਼ ਮਿਲੀ
ਕਪੂਰਥਲਾ: ਬੱਕਰਖਾਨਾ ਚੌਕ ਨਜ਼ਦੀਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਕਰਖਾਨਾ ਚੌਕ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਲਾਸ਼ ਦੀ ਪਛਾਣ ਨਹੀਂ ਹੋ ਸਕੀ ਅਤੇ ਇਹ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। -ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦੇ ਨਾਂ ਹੇਠ ਧੋਖਾਧੜੀ
ਫਗਵਾੜਾ: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 420, 406 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸ਼ਸ਼ੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਨੇ ਉਸਨੂੰ ਵਿਦੇਸ਼ ਕੈਨੇਡਾ ਭੇਜਣ ਲਈ 20 ਲੱਖ 84 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਪੁਲੀਸ ਨੇ ਜਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੋਲਾਪੁਰ ਕਦੀਮ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਬਿਜਲੀ ਬੰਦ ਰਹੇਗੀ
ਫਗਵਾੜਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਲਾਈਨਾ ਦੀ ਜ਼ਰੂਰੀ ਮੁਰੰਮਤ ਕਾਰਨ ਪੁਰਾਣਾ ਡਾਕਖਾਨਾ ਰੋਡ, ਜੋਸ਼ੀਆਂ ਮੁਹੱਲਾ, ਆਤਿਸ਼ਬਾਜਾ, ਸਿੰਧੂਰਾ ਮੰਦਿਰ, ਪਟੇਲ ਨਗਰ, ਸਰਾਏ ਰੋਡ, ਖੋਥੜਾ ਰੋਡ, ਕਰਾਊਨ ਹਾਈਟ, ਨਾਈਆ ਵਾਲਾ ਚੌਂਕ, ਸਿਨੇਮਾ ਰੋਡ, ਰੇਲਵੇ ਰੋਡ (ਬੰਗਾ ਰੋਡ), ਜੀ.ਟੀ.ਰੋਡ, ਗਾਂਧੀ ਨਗਰ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਸਿੰਗਲਾ ਮਾਰਕੀਟ, ਚੱਢਾ ਮਾਰਕੀਟ, ਗੁਰੂ ਹਰਕ੍ਰਿਸ਼ਨ ਨਗਰ, ਬਾਬਾ ਫਤਿਹ ਸਿੰਘ ਨਗਰ, ਸਰਾਭਾ ਨਗਰ, ਪ੍ਰੋਫ਼ੈਸਰ ਕਲੋਨੀ, ਸੂਖਚੈਨਆਣਾ ਰੋਡ, ਮੇਹਲੀ ਗੇਟ, ਵਰਿੰਦਰ ਨਗਰ, ਵਿਕਾਸ ਨਗਰ, ਮੁਹੱਲਾ ਮੁਟਿਆਰਪੁਰਾ, ਥਾਣੇਦਾਰਾ ਮੁਹੱਲਾ, ਤੰਬਾਕੂਬ ਕੁੱਟ ਮੁਹੱਲਾ, ਸਰਾਏ ਰੋਡ, ਜੀ.ਟੀ.ਰੋਡ, ਸ਼ੂਗਰ ਮਿੱਲ ਚੌਂਕ, ਨਿਊ ਮਾਡਲ ਟਾਊਨ, ਰੀਜੈਂਸੀ ਟਾਊਨ, ਰਤਨਪੁਰਾ, ਕੋਰਟ ਕੰਪਲੈਂਕਸ, ਡਾਕਖਾਨਾ ਰੋਡ, ਸੈਂਟਰਲ ਟਾਊਨ, ਹਰਗੋਬਿੰਦ ਨਗਰ, ਨਿਊ ਪਟੇਲ ਨਗਰ, ਓਕਾਰ ਨਗਰ, ਕਿਰਪਾ ਨਗਰ, ਸ਼ਹੀਦ ਭਗਤ ਸਿੰਘ ਨਗਰ, ਸ਼ਾਮ ਨਗਰ, ਪੀਪਾਰੰਗੀ, ਸ਼ਿਵਪੁਰੀ ਆਦਿ ਇਲਾਕਿਆਂ ’ਚ ਸਪਲਾਈ ਐਤਵਾਰ ਸਵੇਰੇ 9.30 ਤੋਂ ਦੁਪਹਿਰ ਬਾਅਦ ਇੱਕ ਵਜੇ ਤੱਕ ਬੰਦ ਰਹੇਗੀ। -ਪੱਤਰ ਪ੍ਰੇਰਕ