ਪੱਤਰ ਪ੍ਰੇਰਕ
ਧਾਰੀਵਾਲ/ਕਾਦੀਆਂ, 11 ਮਈ
ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਮਗਰੋਂ ਵੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਧਾਰੀਵਾਲ ਅਤੇ ਕਾਦੀਆਂ ਦੇ ਆਸ-ਪਾਸ ਇਲਾਕੇ ਦੇ ਪਿੰਡਾਂ ਵਿੱਚ ਦੇਰ ਰਾਤ ਨੂੰ ਖੇਤਾਂ ਵਿੱਚ ਕਣਕ ਦੀ ਰਹਿੰਦ ਖੂੰਹਦ/ਨਾੜ ਨੂੰ ਲੋਕਾਂ ਵੱਲੋਂ ਧੜਾ ਧੜ ਲਗਾਈ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦਿੰਦੀਆਂ ਨਜ਼ਰ ਆਈਆਂ। ਇਲਾਕੇ ਦੇ ਪਿੰਡ ਰਜਾਦਾ, ਡੇਹਰੀਵਾਲ ਦਰੋਗਾ, ਧਾਰੀਵਾਲ ਕਲਾਂ, ਖਾਨ ਮਲਕ, ਤਲਵੰਡੀ ਬਥੁੱਨਗੜ੍ਹ ਆਦਿ ਸਣੇ ਕਈ ਪਿੰਡਾਂ ਦੇ ਖੇਤਾਂ ਵਿੱਚ ਕਣਕ ਰਹਿੰਦ-ਖੂੰਹਦ ਨਾੜ ਨੂੰ ਲੱਗੀ ਅੱਗ ਦੇ ਮੱਚਦੇ ਹੋਏ ਭਾਂਬੜ ਖਬਰ ਲਿਖੇ ਜਾਣ ਤੱਕ ਦਿਖਾਈ ਦੇ ਰਹੇ ਸਨ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਰਾਤ ਦੇ ਬਲੈਕਆਊਟ ਦੇ ਹੁਕਮ ਵਾਪਸ ਨਹੀਂ ਲਏ ਗਏ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਉਪਾਵਾਂ ਵਜੋਂ ਸਵੈ-ਇੱਛਾ ਨਾਲ ਸ਼ਾਮ 8:00 ਵਜੇ ਤੋਂ ਸਵੇਰੇ 5:00 ਵਜੇ ਤੱਕ ਆਪਣੇ ਘਰਾਂ ਦੇ ਅੰਦਰ-ਬਾਹਰ ਦੀਆਂ ਲਾਈਟਾਂ ਨੂੰ ਬੰਦ ਰੱਖ ਕੇ ਬਲੈਕਆਊਟ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ ਬਲੈਕਆਊਟ ਦੇ ਸਮੇਂ ਬਿਨਾਂ ਕਿਸੇ ਕਾਰਨ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।