ਗੁਰਬਖਸ਼ਪੁਰੀ
ਤਰਨ ਤਾਰਨ, 13 ਜੂਨ
ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਸਾਲਾਂ ਤੋਂ ਬੰਦ ਚਲਦੇ ਆ ਰਹੇ ਭਿੱਖੀਵਿੰਡ ਦੇ ਬੱਸ ਅੱਡੇ ਨੂੰ ਛੇਤੀ ਨਾਲ ਚਾਲੂ ਹੋਣ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ| ਸਰਹੱਦੀ ਖੇਤਰ ਦੇ ਲੋਕਾਂ ਨੂੰ ਆਉਣ ਜਾਣ ਲਈ ਬਿਹਤਰ ਸੇਵਾਵਾਂ ਦੇਣ ਅਤੇ ਕਸਬਾ ਭਿੱਖੀਵਿੰਡ ਦੀਆਂ ਸੜਕਾਂ ’ਤੇ ਬੱਸਾਂ ਆਦਿ ਦੇ ਖੜ੍ਹੇ ਰਹਿਣ ਕਰਕੇ ਆਵਾਜਾਈ ਵਿੱਚ ਆਉਂਦੀ ਰੁਕਾਵਟ ਨੂੰ ਹਟਾਉਣ ਲਈ 2012 ਦੇ ਕਰੀਬ ਉਸ ਵੇਲੇ ਦੀ ਸਰਕਾਰ ਨੇ ਇਹ ਅੱਡਾ ਬਣਾਉਣਾ ਸ਼ੁਰੂ ਕੀਤਾ ਸੀ| ਆਪਣੀ ਸੁਸਤ ਰਫਤਾਰ ਕਰਕੇ ਇਹ ਅੱਡਾ 2016 ਵਿੱਚ ਤਿਆਰ ਹੋ ਸਕਿਆ| ਅੱਡਾ ਬਣ ਜਾਣ ’ਤੇ ਵੀ ਇਸ ਨੂੰ ਪ੍ਰਸ਼ਾਸਨ ਵਲੋਂ ਚਾਲੂ ਨਹੀਂ ਕੀਤਾ ਗਿਆ| ਲਗਾਤਾਰ ਬੰਦ ਰਹਿਣ ਕਰਕੇ ਇਸ ਨੂੰ ਨਸ਼ੇੜੀਆਂ ਆਦਿ ਵਲੋਂ ਵਰਤਿਆ ਜਾਣ ਲੱਗਾ ਜਿਹੜਾ ਅੱਜ ਤੱਕ ਵੀ ਬਾਦਸਤੂਰ ਜਾਰੀ ਹੈ| ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਾਨ, ਗੁਰਦੇਵ ਸਿੰਘ, ਮਨਬੀਰ ਸਿੰਘ ਅਤੇ ਹੋਰਨਾਂ ਨੇ ਅੱਜ ਇਥੇ ਦੱਸਿਆ ਕਿ ਸਾਲਾਂ ਤੋਂ ਬੰਦ ਰਹਿਣ ਕਰਕੇ ਇਸ ਬੱਸ ਅੱਡੇ ਦੇ ਕਮਰਿਆਂ ਨੂੰ ਨਸ਼ੇੜੀਆਂ ਵਲੋਂ ਟੀਕੇ ਲਗਾਉਣ ਅਤੇ ਹੈਰੋਇਨ ਆਦਿ ਦਾ ਸੇਵਨ ਕਰਨ ਲਈ ਖੁੱਲ੍ਹੇਆਮ ਵਰਤਿਆ ਜਾ ਰਿਹਾ ਹੈ| ਪਤਵੰਤਿਆਂ ਨੇ ਕਿਹਾ ਕਿ ਉਹ ਇਸ ਅੱਡੇ ਦੀ ਯੋਗ ਵਰਤੋਂ ਕਰਨ ਲਈ ਪ੍ਰਸ਼ਾਸਨ ਅਤੇ ਨਗਰ ਪੰਚਾਇਤ, ਭਿੱਖੀਵਿੰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਅੱਡੇ ਨੂੰ ਵਰਤੋਂ ਵਿੱਚ ਲਿਆਉਣ ਦੀ ਮੰਗ ਕਰਦੇ ਆ ਰਹੇ ਹਨ|
ਰੋਡਵੇਜ਼ ਦੇ ਅਧੀਨ ਨਹੀਂ ਹੈ ਭਿੱਖੀਵਿੰਡ ਦਾ ਬੱਸ ਅੱਡਾ: ਜਨਰਲ ਮੈਨੇਜਰ
ਪੰਜਾਬ ਰੋਡਵੇਜ਼ ਤਰਨ ਤਾਰਨ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਸ ਅੱਡੇ ਨਾਲ ਰੋਡਵੇਜ਼ ਦਾ ਸਰੋਕਾਰ ਨਹੀਂ ਹੈ| ਭਿੱਖੀਵਿੰਡ ਦੇ ਐੱਸ ਡੀ ਐਮ ਕਰਨਬੀਰ ਸਿੰਘ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ ਨੇ ਨਾ ਤਾਂ ਮੋਬਾਇਲ ਉਠਾਇਆ ਅਤੇ ਨਾ ਹੀ ਵਟਸਐਪ ’ਤੇ ਐਸ ਐਮ ਐੱਸ ਦਾ ਕੋਈ ਜਵਾਬ ਦਿੱਤਾ| ਇਲਾਕੇ ਦੇ ਲੋਕਾਂ ਨੇ ਇਸ ਅੱਡੇ ਨੂੰ ਤੁਰੰਤ ਚਾਲੂ ਕੀਤੇ ਜਾਣ ਦੀ ਮੰਗ ਕੀਤੀ ਹੈ|