ਤਰਨ ਤਾਰਨ: ਆਗੂਆਂ ਵੱਲੋਂ ਟਿਕਟ ਲਈ ਜ਼ੋਰ ਅਜਮਾਈ ਸ਼ੁਰੂ
ਪੱਤਰ ਪ੍ਰੇਰਕ
ਤਰਨ ਤਾਰਨ, 12 ਜੁਲਾਈ
ਤਰਨ ਤਾਰਨ ਦੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਸਵਰਗਵਾਸ ਹੋਣ ਕਰਕੇ ਖਾਲੀ ਹੋਈ ਸੀਟ ਲਈ ਜ਼ੋਰ-ਅਜਮਾਈ ਕਰਨ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਕਾਰਵਾਈਆਂ ਦੇ ਮੁੱਢਲੇ ਪੜਾਅ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੀ ਪਾਰਟੀ ਤੋਂ ਟਿਕਟ ਲੈਣ ਲਈ ਦਾਅਵੇਦਾਰੀਆਂ ਦਾ ਦੌਰ ਆਰੰਭ ਕੀਤਾ ਹੋਇਆ ਹੈ। ਜਿਸ ਤਹਿਤ ਉਮੀਦਵਾਰ ਜਿੱਥੇ ਅਖਬਾਰਾਂ ਆਦਿ ਮਾਧਿਅਮ ਰਾਹੀਂ ਖੁਦ ਨੂੰ ਆਪਣੀ ਪਾਰਟੀ ਦਾ ਠੋਸ ਆਗੂ ਦੱਸ ਰਹੇ ਹਨ, ਉਥੇ ਉਨ੍ਹਾਂ ਵੱਲੋਂ ਹਲਕੇ ਅੰਦਰ ਆਪਣੀ ਹੋਂਦ ਦਰਸਾਉਣ ਲਈ ਸੜਕਾਂ ਦੇ ਕਿਨਾਰਿਆਂ ਤੇ ਬਿਜਲੀ ਦੇ ਖੰਭਿਆਂ ਤੋਂ ਇਲਾਵਾ ਦਰੱਖ਼ਤਾਂ ਅਤੇ ਸੜਕਾਂ ਦੇ ਨੇੜੇ ਦੀਆਂ ਦੁਕਾਨਾਂ ਅਤੇ ਘਰਾਂ ’ਤੇ ਫਲੈਕਸ, ਹੋਰਡਿੰਗਜ਼ ਜਾਂ ਬੋਰਡ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਹਾਕਮ ਧਿਰ ਦੇ ਆਗੂਆਂ ਨੇ ਤਾਂ ਇਕ ਤਰ੍ਹਾਂ ਨਾਲ ਹਨੇਰੀ ਹੀ ਲਿਆ ਦਿੱਤੀ ਹੈ। ਇਸ ਤੋਂ ਬਾਅਦ ਕੁਝ ਇਕ ਬੋਰਡ ਹੋਰਨਾਂ ਧਿਰਾਂ ਦੇ ਵੀ ਦਿਖਾਈ ਦੇ ਰਹੇ ਹਨ। ਅਕਾਲੀ ਦਲ ਹਾਲੇ ਇਸ ਦੌੜ ਵਿੱਚ ਸ਼ਾਮਲ ਨਹੀਂ ਹੋਇਆ। ਕੇਵਲ ਇਕ ਹਫ਼ਤਾ ਪਹਿਲਾਂ ਹੀ ਸਵਰਗੀ ਵਿਧਾਇਕ ਦੇ ਭੋਗ ਪੈਣ ਉਪਰੰਤ ਇਹ ਹੋਰਡਿੰਗ ਲਗਾਉਣ ਲਈ ਮਿਉਂਸਿਪਲ ਕੌਂਸਲ, ਤਰਨ ਤਾਰਨ ਨੂੰ ਇਸ ਸਬੰਧੀ ਲੋੜੀਂਦੀ ਆਗਿਆਂ ਦੇਣ ਲਈ ਬਣਦੀ ਫੀਸ ਤੋਂ ਸੱਤ ਲੱਖ ਰੁਪਏ ਦੀ ਆਮਦਨ ਹੀ ਚੁੱਕੀ ਹੈ। ਮਿਉਂਸਿਪਲ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਬਿਨਾਂ ਫੀਸ ਦੇਣ ਦੇ ਕਿਸੇ ਨੂੰ ਵੀ ਹੋਰਡਿੰਗਜ਼ ਲਗਾਉਣ ਦੀ ਆਗਿਆ ਨਹੀਂ ਦੇਣਗੇ।