ਧੁੱਸੀ ਬੰਨ੍ਹ ਤੋਂ ਲੰਘਦੇ ਰੇਤੇ ਵਾਲੇ ਟਿੱਪਰ ਰੋਕੇ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 5 ਨਵੰਬਰ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉੱਪਰੋਂ ਲੰਘ ਰਹੇ ਰੇਤਾ ਨਾਲ ਭਰੇ ਓਵਰਲੋਡ ਟਿੱਪਰਾਂ ਨੂੰ ਥੰਮੂਵਾਲ ਤੇ ਚੱਕ ਬਾਹਮਣੀਆਂ ਵਾਸੀਆਂ ਨੇ ਧਰਨਾ ਲਗਾ ਕੇ ਕਰੀਬ 4 ਘੰਟੇ ਤੱਕ ਰੋਕੀ ਰੱਖਿਆ। ਧਰਨੇ ਮੌਕੇ ਸੀਪੀਆਈ ਆਗੂ ਚਰਨਜੀਤ ਥੰਮੂਵਾਲ ਨੇ ਕਿਹਾ ਕਿ ਰੇਤਾ ਦੀ ਖੱਡ ਪਿੰਡ ਬਾਸੀਆਂ (ਮੋਗਾ) ਵਿੱਚ ਪੈਂਦੀ ਹੈ ਪਰ ਇਸ ਦੀ ਨਿਕਾਸੀ ਗਲਤ ਢੰਗ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਵਿਚੋਂ ਕੀਤੀ ਜਾ ਰਹੀ ਹੈ। ਰੇਤਾ ਦਾ ਠੇਕੇਦਾਰ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਦਰਿਆ ਵਿਚੋਂ 25 ਤੋਂ 30 ਫੁੱਟ ਹੇਠਾਂ ਤੱਕ ਰੇਤਾ ਕੱਢ ਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਠੇਕੇਦਾਰ ਦੇ ਕਰਿੰਦਿਆਂ ਉੱਪਰ ਰੇਤ ਦੇ ਨਿਰਧਾਰਤਿ ਕੀਤੇ ਸਰਕਾਰੀ ਰੇਟ 5.50 ਤੇ ਵੇਚਣ ਦੀ ਬਜਾਏ 13 ਰੁਪਏ ਪ੍ਰਤੀ ਫੁੱਟ ਰੇਤ ਵੇਚਣ ਦਾ ਗੰਭੀਰ ਦੋਸ਼ ਵੀ ਲਾਇਆ।
ਉਨ੍ਹਾਂ ਆਖਿਆ ਕਿ ਧੜੱਲੇ ਨਾਲ ਕੀਤੇ ਜਾ ਰਿਹਾ ਖਣਨ ਇਸ ਸਮੇਂ ਜ਼ਿਲ੍ਹਾ ਜਲੰਧਰ ਦੇ ਦਰਿਆ ਕਿਨਾਰੇ ਵਸੇ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਰੇਤਾ ਦੇ ਓਵਰਲੋਡ ਟਿੱਪਰਾਂ ਤੇ ਟਰਾਲੀਆਂ ਨਾਲ ਵਾਪਰੇ ਹਾਦਸਿਆਂ ਨਾਲ ਕਈ ਕੀਮਤੀ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ। ਧੁੱਸੀ ਬੰਨ੍ਹ ਉੱਪਰੋਂ ਓਵਰਲੋਡ ਟਿੱਪਰ ਤੇ ਟਰਾਲੀਆਂ ਲੰਘਣ ਕਾਰਨ ਬੰਨ੍ਹ ਵੀ ਕਮਜ਼ੋਰ ਹੋ ਰਿਹਾ ਹੈ, ਜੋ ਬਰਸਾਤਾਂ ਦੇ ਦਿਨਾਂ ਵਿੱਚ ਕਈ ਵਾਰ ਹੜ੍ਹਾਂ ਦਾ ਕਾਰਨ ਬਣ ਵੀ ਬਣ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਮੌਕੇ ’ਤੇ ਪੁੱਜੀ ਧਰਮਕੋਟ ਪੁਲੀਸ ਨੇ ਆਉਂਦਿਆਂ ਹੀ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਦਾ ਹੁਕਮ ਚਾੜ੍ਹ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਜਵਾਬ ਦਿੰਦੇ ਕਿਹਾ ਕਿ ਧਰਮਕੋਟ ਪੁਲੀਸ ਤਾਂ ਇਲਾਕੇ ਵਿੱਚ ਕਿਸੇ ਪ੍ਰਕਾਰ ਦੀ ਕਾਰਵਾਈ ਕਰਨ ਦੇ ਸਮਰੱਥ ਹੀ ਨਹੀਂ ਹੈ, ਕਿਉਂਕਿ ਇਹ ਇਲਾਕਾ ਤਾਂ ਸ਼ਾਹਕੋਟ ਪੁਲੀਸ ਅਧੀਨ ਆਉਂਦਾ ਹੈ। ਸੂਚਨਾ ਮਿਲਣ ’ਤੇ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਐੱਸਐੱਚਓ ਸ਼ਾਹਕੋਟ ਜਸਵਿੰਦਰ ਸਿੰਘ, ਐੱਸਐੱਚਓ ਧਰਮਕੋਟ ਨਵਦੀਪ ਭੱਟੀ ਅਤੇ ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਮੌਕੇ ’ਤੇ ਪੁੱਜੇ। ਪੁਲੀਸ ਅਧਿਕਾਰੀਆਂ ਨੇ ਰੇਤ ਦੇ ਠੇਕੇਦਾਰ ਨੂੰ ਵੀ ਬੁਲਾ ਲਿਆ। ਗੱਲਬਾਤ ਮਗਰੋਂ ਸਹਿਮਤੀ ਬਣਨ ’ਤੇ 25 ਤੋਂ ਵੱਧ ਟਿੱਪਰਾਂ ਤੇ ਟਰਾਲੀਆਂ ਨੂੰ ਜਾਣ ਦਿੱਤਾ ਗਿਆ।
ਠੇਕੇਦਾਰ ਵੱਲੋਂ ਬੰਨ੍ਹ ਮਜ਼ਬੂਤ ਕਰਨ ਦਾ ਭਰੋਸਾ
ਠੇਕੇਦਾਰ ਨੇ ਮੰਨਿਆ ਕਿ ਰੇਤ ਕੱਢਣ ਲਈ ਉਨ੍ਹਾਂ ਦੀਆਂ ਪੋਕਲਾਈਨ ਮਸ਼ੀਨਾਂ ਇੱਥੇ ਜ਼ਰੂਰ ਖੜ੍ਹੀਆਂ ਹਨ ਪਰ ਉਹ ਉਨ੍ਹਾਂ ਦੀ ਵਰਤੋਂ ਉਹ ਮਨਜ਼ੂਰੀ ਮਿਲਣ ਮਗਰੋਂ ਹੀ ਕਰੇਗਾ। ਉਨ੍ਹਾਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਵੀ ਭਰੋਸਾ ਦਿੱਤਾ।