ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਵਜੋਤ ਸਿੰਘ
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ਦੇ ਪਿੰਡ ਮਹਿੰਗਰੋਵਾਲ ਤੋਂ ਵਾਇਆ ਕੋਟ ਪਟਿਆਲ ਹਿਮਾਚਲ ਸਰਹੱਦ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਪਿੰਡ ਭਾਗੋਵਾਲ ਅਤੇ ਕੋਟ ਪਟਿਆਲ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪੇਂਡੂ ਅਤੇ ਪੱਛੜੇ ਇਲਾਕਿਆਂ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ 26.50 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ ’ਤੇ ਲੱਗਭਗ 8 ਕਰੋੜ 40 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਨਿਰਮਾਣ ਕੰਪਨੀ ਨੂੰ ਅਗਲੇ 3 ਸਾਲਾਂ ਲਈ ਇਸ ਦੀ ਦੇਖਭਾਲ ਵੀ ਕਰਨੀ ਪਵੇਗੀ। ਸੜਕ ਦੇ ਨਿਰਮਾਣ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ, ਖਾਸ ਕਰ ਮਹਿੰਗਰੋਵਾਲ, ਡੂੰਗੀ ਚੋਈ, ਮਲੋਟ ਅਤੇ ਕੋਟ ਪਟਿਆਲ ਦੇ ਵਸਨੀਕਾਂ ਨੂੰ ਆੳਣ-ਜਾਣ ਵਿੱਚ ਆਉਂਦੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ। ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਦੌਰਾਨ ਡੂੰਗੀ ਚੋਈ, ਮਹਿੰਗਰੋਵਾਲ ਅਤੇ ਮਲੋਟ ਵਿਖੇ 3 ਕਾਜ਼ਵੇਅ ਵੀ ਬਣਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਵੀ ਕੋਈ ਮੁਸ਼ਕਿਲ ਨਾ ਆਵੇ। ਇਸ ਤੋਂ ਇਲਾਵਾ ਪਟਿਆਲ ਪੁਲ ਦੀ ਰਿਟੇਨਿੰਗ ਵਾਲ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕ ਨਿਰਮਾਣ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸਥਾਨਕ ਲੋਕਾਂ ਨੂੰ ਨਿਰਮਾਣ ਕਾਰਜ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ, ਤਾਂ ਜੋ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਪੂਰਾ ਹੋ ਸਕੇ।