ਪੰਜਾਬ ਸੜਕ ਸਫਾਈ ਮਿਸ਼ਨ: ਅਧਿਕਾਰੀਆਂ ਵੱਲੋਂ 51 ਸੜਕਾਂ ਅਡਾਪਟ
ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਸਾਫ਼-ਸੁਥਰੀਆਂ ਅਤੇ ਮਿਆਰੀ ਸੜਕਾਂ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਣ ਨਿਵੇਕਲੀ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਸਮੇਤ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ 10 ਕਿਲੋਮੀਟਰ ਤੱਕ ਦੀਆਂ 51 ਸੜਕਾਂ ਨੂੰ ਅਡਾਪਟ ਕੀਤਾ ਗਿਆ ਹੈ, ਜਿਸਦਾ ਉਦੇਸ਼ ਜ਼ਿਲ੍ਹੇ ਭਰ ਵਿੱਚ ਸੜਕਾਂ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਲੰਧਰ-ਫਗਵਾੜਾ ਸੜਕ (ਜਲੰਧਰ ਦੀ ਹੱਦ ਤੱਕ) ਅਡਾਪਟ ਕੀਤੀ ਗਈ ਹੈ, ਜਿਸ ਦਾ ਉਹ ਵਿਅਕਤੀਗਤ ਤੌਰ ’ਤੇ ਧਿਆਨ ਰੱਖਣਗੇ। ਇਸ ਉਪਰਾਲੇ ਤਹਿਤ ਉਨ੍ਹਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਬਲੈਕ ਸਪਾਟਸ, ਇੰਜੀਨੀਅਰਿੰਗ ਦੇ ਨੁਕਸਾਂ ਨੂੰ ਦੂਰ ਕਰਨ, ਨਗਰ ਨਿਗਮ ਅਤੇ ਕੌਮੀ ਹਾਈਵੇ ਅਥਾਰਟੀ ਰਾਹੀਂ ਸੜਕਾਂ ਦੀ ਸਫਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਇਸ ਮਿਸ਼ਨ ਤਹਿਤ 10-10 ਕਿਲੋਮੀਟਰ ਦੇ ਸੜਕੀ ਹਿੱਸੇ ਅਡਾਪਟ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਮਨੋਨੀਤ ਅਧਿਕਾਰੀ ਆਪਣੇ ਨਿਰਧਾਰਤ ਸੜਕੀ ਹਿੱਸੇ ਦੀ ਦੇਖਭਾਲ ਦੀ ਵਿਅਕਤੀਗਤ ਜ਼ਿੰਮੇਵਾਰੀ ਲਵੇਗਾ, ਜਿਸ ਵਿੱਚ ਰੋਜ਼ਾਨਾ ਨਿਰੀਖਣ, ਸਮੇਂ ਸਿਰ ਟੋਇਆਂ ਦੀ ਮੁਰੰਮਤ, ਸਪਸ਼ਟ ਰੋਡ ਮਾਰਕਿੰਗ, ਫੁੱਟਪਾਥਾਂ ਦਾ ਰਖ-ਰਖਾਅ, ਕਾਰਜਸ਼ੀਲ ਸਟ੍ਰੀਟ ਲਾਈਟਾਂ, ਕੂੜੇ ਨੂੰ ਨਿਯਮਿਤ ਤੌਰ ‘ਤੇ ਚੁਕਵਾਉਣਾ ਸਮੇਤ ਸਮੁੱਚੀ ਸਾਫ-ਸਫਾਈ ਸ਼ਾਮਲ ਹੋਵੇਗੀ।