ਮਜੀਠਾ ਸ਼ਰਾਬ ਕਾਂਡ ਕਤਲ ਤੋਂ ਘੱਟ ਨਹੀਂ: ਤਰਕਸ਼ੀਲ ਸੁਸਾਇਟੀ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 17 ਮਈ
ਤਰਕਸ਼ੀਲ ਸੁਸਾਇਟੀ ਨੇ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਦੋ ਦਰਜਨ ਤੋਂ ਵੱਧ ਮੌਤਾਂ ਨੂੰ ਸਰਕਾਰ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਨਲਾਇਕੀ ਹੇਠ ਹੋਏ ਕਤਲ ਕਰਾਰ ਦਿੰਦਿਆਂ ਇਸ ਵਹਿਸ਼ੀ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।
ਆਗੂਆਂ ਜਸਪਾਲ ਬਾਸਰਕੇ, ਪ੍ਰਿੰਸੀਪਲ ਮੇਲਾ ਰਾਮ, ਐਡਵੋਕੇਟ ਅਮਰਜੀਤ ਬਾਈ, ਮਾਸਟਰ ਬਲਦੇਵ ਰਾਜ ਵੇਰਕਾ, ਦਮਨਜੀਤ ਕੌਰ ਅਤੇ ਸੁਮੀਤ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਨਸ਼ਾ ਵਪਾਰੀਆਂ ਵਿਰੁੱਧ ਖ਼ਾਨਾਪੂਰਤੀ ਦੇ ਛਾਪਿਆਂ ਦੀ ਥਾਂ ਜ਼ਹਿਰ ਦਾ ਵਪਾਰ ਕਰਨ ਵਾਲੇ ਅਸਲ ਵੱਡੇ ਨਸ਼ਾ ਤਸਕਰਾਂ, ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਤੇ ਪੁਲੀਸ ਅਧਿਕਾਰੀਆਂ ਵਿਰੁੱਧ ਸਮੇਂ ਸਿਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਨ੍ਹਾਂ ਗਰੀਬ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਪਰਿਵਾਰਾਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਆਵਜ਼ਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ। ਉਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਵੀ ਰੱਦ ਕਰਨ ਦੀ ਮੰਗ ਕੀਤੀ।