ਗਊ ਮਾਸ ਮਾਮਲੇ ’ਚ ਹਿੰਦੂ ਜਥੇਬੰਦੀਆਂ ਦੀ ਮੀਟਿੰਗ
ਪੱਤਰ ਪ੍ਰੇਰਕ
ਫਗਵਾੜਾ, 6 ਜੁਲਾਈ
ਇਥੋਂ ਦੇ ਚਾਚੋਕੀ ਖੇਤਰ ਵਿੱਚ ਢਾਬੇ ਤੋਂ ਗਊ ਮਾਸ ਬਰਾਮਦ ਹੋਣ ਦੇ ਮਾਮਲੇ ’ਤੇ ਹਿੰਦੂ ਜਥੇਬੰਦੀਆਂ ਦੀ ਮੀਟਿੰਗ ਹਨੂੰਮਾਨਗੜ੍ਹੀ ਮੰਦਿਰ ਵਿੱਚ ਹੋਈ। ਇਸ ਮੌਕੇ ਹਿੰਦੂ ਆਗੂ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਰਾਜੇਸ਼ ਪਲਟਾ, ਪੰਕਜ ਚਾਵਲਾ ਆਦਿ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਪੁਲੀਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ’ਚ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੋ ਪੰਜਾਬ ਤੋਂ ਬਾਹਰ ਦੇ ਵਿਅਕਤੀ ਵੀ ਸ਼ਾਮਲ ਹਨ, ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇ।
ਇਸ ਮੌਕੇ ਪੁੱਜੇ ਐੱਸਐੱਚਓ ਸਿਟੀ ਊਸ਼ਾ ਰਾਣੀ, ਇੰਸਪੈਕਟਰ ਅਮਨ ਕੁਮਾਰ ਨੇ ਹੁਣ ਤੱਕ ਦੀ ਪੁਲੀਸ ਵੱਲੋਂ ਕੀਤੀ ਕਾਰਵਾਈ ਬਾਰੇ ਦੱਸਿਆ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਧੰਦੇ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਾਂਚ ਦੌਰਾਨ ਜੋ ਵੀ ਸਾਹਮਣੇ ਆ ਰਿਹਾ ਹੈ ਉਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਵਰਨਣਯੋਗ ਹੈ ਕਿ ਪੁਲੀਸ ਵੱਲੋਂ ਚਾਚੋਕੀ ਵਿੱਚ ਸਥਿਤ ਢਾਬੇ ਤੋਂ 29.32 ਕੁਇੰਟਲ ਗਊ ਮਾਸ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ। ਇਸ ਸਬੰਧ ’ਚ 7 ਵਿਅਕਤੀਆਂ ਨੂੰ ਪਹਿਲਾ ਗ੍ਰਿਫ਼ਤਾਰ ਕੀਤਾ ਸੀ ਤੇ ਕੱਲ੍ਹ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।