ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 22 ਸਤੰਬਰ
ਕਰਤਾਰਪੁਰ ਵਿੱਚ ਮਸਜਿਦ ਦੇ ਚੱਲ ਰਹੇ ਉਸਾਰੀ ਕਾਰਜ ਲਈ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕ ਐਮਐਫ ਫ਼ਾਰੂਕੀ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਹਾਜ਼ਰੀ ਵਿੱਚ 11 ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਦਿੱਤਾ।
ਇਸ ਮੌਕ ਐਮ ਐਫ ਫ਼ਾਰੂਕੀ ਨੇ ਕਿਹਾ ਕਿ ਮਸਜਿਦ ਦੀ ਪਹਿਲੀ ਮੰਜ਼ਿਲ ਦੇ ਹਾਲ ਦੀ ਉਸਾਰੀ ਲਈ ਫੰਡਾਂ ਦੀ ਘਾਟ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਨੇੜੇ ਮੁਸਲਮਾਨਾਂ ਭਾਈ ਚਾਰੇ ਲੋਕਾਂ ਨੂੰ ਦਫ਼ਨਾਉਣ ਲਈ ਕਬਰਿਸਤਾਨ ਬਣਾਉਣ ਲਈ ਜਗ੍ਹਾ ਵੀ ਸ਼ਨਾਖਤ ਕੀਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਧਾਰਮਿਕ ਸਥਾਨਾਂ ਦੇ ਰੱਖ-ਰਖਾਅ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰੇ ਲਈ ਲਈ ਐਸਟੀਪੀ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਇਕੱਠੇ ਹੋ ਰਹੇ ਕੂੜੇ ਦੇ ਨਿਪਟਾਰੇ ਲਈ ਦੋ ਏਕੜ ਜਗ੍ਹਾ ਖ਼ਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆਂ ਸੂਬਾ ਸਰਕਾਰ ਨੇ ਕਰਤਾਰਪੁਰ ਵਿੱਚ ਦੋ ਨਵੇਂ ਟਿਊਬਵੈੱਲ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਦੇ ਇਕਲੌਤੇ ਸਵਾਮੀ ਵਿਰਜਾ ਨੰਦ ਸਮਾਰਕ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।