DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਲੂਘਾਰਾ ਦਿਵਸ: ਦਲ ਖ਼ਾਲਸਾ ਦੇ ਸੱਦੇ ’ਤੇ ਅੰਮ੍ਰਿਤਸਰ ’ਚ ਬੰਦ

ਪੁਲੀਸ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਸਨ ਸਖ਼ਤ ਸੁਰੱਖਿਆ ਪ੍ਰਬੰਧ
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਸ਼ਹਿਰ ਵਿੱਚ ਬੰਦ ਦੁਕਾਨਾਂ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 6 ਜੂਨ

Advertisement

ਜੂਨ 1984 ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ 41 ਵਰ੍ਹੇਗੰਢ ਮੌਕੇ ਰੋਸ ਵਜੋਂ ਦਲ ਖਾਲਸਾ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਤੇ ਕਾਰੋਬਾਰ, ਸ਼ਹਿਰ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਆਦਿ ਬੰਦ ਰਹੀਆਂ ਹਨ। ਇਸ ਦੌਰਾਨ ਸੜਕਾਂ ’ਤੇ ਆਵਾਜਾਈ ਨਿਰੰਤਰ ਚੱਲਦੀ ਰਹੀ, ਮੈਡੀਕਲ ਸਹੂਲਤਾਂ ਅਤੇ ਇਸ ਸਬੰਧੀ ਸਹੂਲਤਾਂ ਵਾਲੇ ਅਦਾਰੇ ਵੀ ਖੁੱਲ੍ਹੇ ਰਹੇ। ਦਲ ਖਾਲਸਾ ਜਥੇਬੰਦੀ ਵੱਲੋਂ ਆਪਣੀਆਂ ਹੋਰ ਹਮਖਿਆਲੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਤੀ ਸ਼ਾਮ ਸ਼ਹਿਰ ਵਿੱਚ ਘੱਲੂਘਾਰਾ ਮਾਰਚ ਕੱਢਿਆ ਗਿਆ ਸੀ। ਇਸ ਦੌਰਾਨ ਅੱਜ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਕੁਲਬੀਰ ਸਿੰਘ ਬੜਾਪਿੰਡ, ਪਰਮਜੀਤ ਸਿੰਘ ਟਾਂਡਾ ਅਤੇ ਕੰਵਰਪਾਲ ਸਿੰਘ ਤੇ ਹੋਰ ਸਵੇਰੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ, ਜਿੱਥੇ ਉਨ੍ਹਾਂ ਘੱਲੂਘਾਰਾ ਦਿਵਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਬਾਅਦ ਵਿੱਚ ਪਾਰਟੀ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਪਾਰਟੀ ਕਾਰਕੁਨ ਵੱਖ ਵੱਖ ਬਾਜ਼ਾਰਾਂ ਵਿੱਚੋਂ ਪੈਦਲ ਮਾਰਚ ਕਰਦੇ ਹੋਏ ਹਾਲ ਗੇਟ ਤੱਕ ਪੁੱਜੇ। ਇਸ ਦੌਰਾਨ ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਵੀ ਨਿਰੰਤਰ ਅਤੇ ਨਿਰਵਿਘਨ ਜਾਰੀ ਰਹੀ। ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਅਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਵੱਲੋਂ ਸ਼ਹਿਰ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਜ਼ਿਲ੍ਹਿਆ ਤੋਂ ਪੁਲੀਸ ਬਲ ਸੱਦਿਆ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ ਤੇ ਨਾਕਾਬੰਦੀ ਕੀਤੀ ਗਈ ਸੀ, ਇਸੇ ਤਰ੍ਹਾਂ ਸ਼ਹਿਰ ਵਿੱਚ ਆਉਣ-ਜਾਣ ਵਾਲੇ ਰਸਤਿਆਂ ’ਤੇ ਵੀ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਸ਼ਾਮ ਵੇਲੇ ਕੁਝ ਥਾਵਾਂ ’ਤੇ ਦੁਕਾਨਾਂ ਖੁੱਲ੍ਹ ਗਈਆਂ ਸਨ।

ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਾਅਰੇਬਾਜ਼ੀ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 41ਵੇਂ ਵਰ੍ਹੇਗੰਢ ’ਤੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਨੌਜਵਾਨਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਹੱਥਾਂ ’ਚ ਫੜ ਕੇ ਪ੍ਰਦਰਸ਼ਨ ਕੀਤਾ। ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਤੇ ਭਾਈ ਅੰਗਦ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰ ਮਰਿਆਦਾ ਅਤੇ ਵਿਧੀ-ਵਿਧਾਨ ਅਨੁਸਾਰ ਨਾ ਲਾਉਣ ਅਤੇ ਹਟਾਉਣ ਕਰਕੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਭਾਰੀ ਅਪਮਾਨ ਹੋਇਆ ਹੈ। ਇਸ ਮੌਕੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਭਾਈ ਹਰਪ੍ਰੀਤ ਸਿੰਘ ਬੰਟੀ ਤੇ ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਆਦਿ ਹਾਜ਼ਰ ਸਨ।

ਜਲੰਧਰ: ਸਿੱਖ ਤਾਲਮੇਲ ਕਮੇਟੀ ਵੱਲੋਂ ਰੋਸ ਮਾਰਚ

ਜਲੰਧਰ (ਹਤਿੰਦਰ ਮਹਿਤਾ): ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਨੇੜੇ ਪਟੇਲ ਚੌਕ ਤੋਂ ਸ਼ਾਂਤਮਈ ਤਰੀਕੇ ਨਾਲ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਸਭ ਤੋਂ ਅੱਗੇ ਜਾ ਰਹੀ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਨਾਲ ਸਜੀ ਗੱਡੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮਾਰਚ ਵਿੱਚ ਸੰਗਤਾਂ ਵਲੋਂ ਰੋਸ ਵਜੋਂ ਕਾਲੀਆਂ ਪੱਗਾਂ, ਕੇਸਰੀ ਪੱਗਾਂ ਅਤੇ ਬੀਬੀਆਂ ਨੇ ਕਾਲੇ ਅਤੇ ਕੇਸਰੀ ਦੁਪੱਟੇ ਲਏ ਹੋਏ ਸਨ। ਸੰਗਤਾਂ ਵੱਲੋਂ ਬਾਹਾਂ ’ਤੇ ਕਾਲੀਆਂ ਪੱਟੀਆਂ ਅਤੇ ਹੱਥਾਂ ਵਿੱਚ ਖ਼ਾਲਸਾਈ ਨਿਸ਼ਾਨ ਸਾਹਿਬ ਫੜੇ ਹੋਏ ਸਨ। ਇਹ ਰੋਸ ਮਾਰਚ ਪਟੇਲ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਅੰਬੇਦਡਰ ਚੌਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ। ਰਸਤੇ ਵਿੱਚ ਸੰਗਤਾਂ ਲਈ ਵੱਖ-ਵੱਖ ਜਗ੍ਹਾ ’ਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਤੇ ਲੰਗਰ ਲਾਏ ਗਏ ਸਨ। ਰੋਸ ਮਾਰਚ ਦੀ ਨਿਗਰਾਨੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ , ਤਜਿੰਦਰ ਸਿੰਘ ਸੰਤ ਨਗਰ, ਪਰਮਪ੍ਰੀਤ ਸਿੰਘ ਵਿੱਟੀ, ਵਿੱਕੀ ਸਿੰਘ ਖਾਲਸਾ ਕਰ ਰਹੇ ਸਨ। ਇਸ ਮੌਕੇ ਗੁਰਜੀਤ ਸਿੰਘ ਪੋਪਲੀ, ਲੱਕੀ ਧੀਮਾਨ, ਹਰਜੋਤ ਸਿੰਘ ਲੱਕੀ, ਭੁਪਿੰਦਰ ਸਿੰਘ ਤੇ ਰਣਜੀਤ ਸਿੰਘ ਤੇ ਸੰਗਤਾਂ ਹਾਜ਼ਰ ਸਨ।

Advertisement
×