ਕਿਸਾਨ ਦਾ ਚੋਰੀ ਹੋਇਆ ਟਰੈਕਟਰ ਬਿਹਾਰ ਤੋਂ ਬਰਾਮਦ
ਪੱਤਰ ਪ੍ਰੇਰਕਟਾਂਡਾ, 8 ਜੁਲਾਈ
ਟਾਂਡਾ ਪੁਲੀਸ ਦੀ ਟੀਮ ਨੇ ਪਿੰਡ ਗਿਲਜੀਆਂ ਦੇ ਕਿਸਾਨ ਦਾ ਚੋਰੀ ਹੋਇਆ ਟਰੈਕਟਰ ਬਿਹਾਰ ਦੇ ਅਰਰਿਆ ਤੋਂ ਬਰਾਮਦ ਕੀਤਾ ਹੈ। ਹਾਲਾਂਕਿ ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫਤ ਵਿੱਚ ਨਹੀਂ ਆਇਆ। ਇਹ ਜਾਣਕਾਰੀ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐੱਸਐੱਸਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਬਰਾਮਦ ਟਰੈਕਟਰ ਨੂੰ ਕਿਸਾਨ ਦੇ ਸਪੁਰਦ ਕਰਦੇ ਸਮੇਂ ਦਿੱਤੀ। ਡੀਐੱਸਪੀ ਬਾਜਵਾ ਨੇ ਦੱਸਿਆ ਕਿ 19 ਨਵੰਬਰ 2024 ਨੂੰ ਪੁਲੀਸ ਨੇ ਪਿੰਡ ਗਿਲਜੀਆਂ ਵਾਸੀ ਕਿਸਾਨ ਨਿਸ਼ਾਨ ਸਿੰਘ ਦੇ ਬਿਆਨ ਦੇ ਅਧਾਰ ’ਤੇ ਉਸਦਾ ਟਰੈਕਟਰ ਚੋਰੀ ਕਰਨ ਵਾਲੇ ਰਾਜੀ ਸ਼ਾਹ ਉਰਫ ਰਿੰਕੂ ਵਾਸੀ ਪਿੰਡ ਗਰੀਆਂ ਚਿਕਨੀ ਅਰਰਿਆ ਬਿਹਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਤੋਂ ਹੀ ਮੁਲਜ਼ਮ ਅਤੇ ਚੋਰੀ ਕੀਤੇ ਗਏ ਟਰੈਕਟਰ ਦੀ ਭਾਲ ਜਾਰੀ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਅਤੇ ਐੱਸ.ਪੀ. ਤਫਤੀਸ਼ ਮੁਕੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟੀਮ ਬਣਾ ਕੇ ਤਕਨੀਕੀ ਤਰੀਕੇ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ। ਹੁਣ ਸੂਚਨਾ ਦੇ ਅਧਾਰ ’ਤੇ ਪੁਲੀਸ ਟੀਮ ਬਿਹਾਰ ਰਵਾਨਾ ਹੋਈ ਸੀ ਜਿੱਥੋਂ ਟੀਮ ਨੇ ਟਰੈਕਟਰ ਨੂੰ ਬਰਾਮਦ ਕਰ ਲਿਆ ਹੈ। ਅੱਜ ਟੀਮ ਦੇ ਵਾਪਸ ਆਉਣ ’ਤੇ ਇਹ ਟਰੈਕਟਰ ਕਿਸਾਨ ਨਿਸ਼ਾਨ ਸਿੰਘ ਕੋਲੋਂ ਚੋਰੀ ਤੋਂ ਪਹਿਲਾਂ ਖਰੀਦਣ ਵਾਲੇ ਕਿਸਾਨ ਮਨਜੀਤ ਸਿੰਘ ਦੇ ਸਪੁਰਦ ਕਰ ਦਿੱਤਾ। ਜਿਸ ਲਈ ਕਿਸਾਨ ਵੱਲੋਂ ਟਾਂਡਾ ਪੁਲੀਸ ਦਾ ਧੰਨਵਾਦ ਕੀਤਾ। ਡੀਐੱਸਪੀ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।