ਨਾਬਾਲਗ ਨੂੰ ਅਗਵਾ ਕਰਨ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਤਰਨ ਤਾਰਨ, 13 ਜੂਨ
ਥਾਣਾ ਖਾਲੜਾ ਦੀ ਪੁਲੀਸ ਨੇ ਦੋ ਹਫਤੇ ਪਹਿਲਾਂ ਇਲਾਕੇ ਦੇ ਇਕ ਪਿੰਡ ਤੋਂ 11ਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਜਾਣ ਦੇ ਦੋਸ਼ ਅਧੀਨ ਇਕ ਪਰਿਵਾਰ ਦੇ ਪੰਜ ਜੀਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਨੇ ਅੱਜ ਇਥੇ ਦੱਸਿਆ ਕਿ ਪੀੜਤ ਲੜਕੀ ਘਰੋਂ ਅਗਵਾ ਹੋਣ ਵੇਲੇ 1.5 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਵੀ ਲੈ ਗਈ| ਮੁਲਜ਼ਮਾਂ ਵਿੱਚ ਪੀੜਤ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇਣ ਵਾਲਾ ਭਿੱਖੀਵਿੰਡ ਦਾ ਵਾਸੀ ਗੁਰਬੀਰ ਸਿੰਘ ਅਰਸ਼, ਉਸ ਦਾ ਪਿਤਾ ਸਰਵਣ ਸਿੰਘ, ਮਾਤਾ ਮਨਜੀਤ ਕੌਰ, ਵਿਆਹੀ ਹੋਈ ਭੈਣ ਪਰਮਜੀਤ ਕੌਰ ਗੱਗੋ ਅਤੇ ਉਸ ਦਾ ਪਤੀ ਮੰਦਰ ਸਿੰਘ ਵਾਸੀ ਅਲਗੋਂ ਕਲਾਂ ਸ਼ਾਮਲ ਹਨ| ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹ ਵਾਰਦਾਤ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਗਈ ਸੀ ਜਦੋਂ ਨੌਜਵਾਨ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਏ| ਪੁਲੀਸ ਨੇ ਇਸ ਸਬੰਧੀ ਬੀ ਐਨ ਐੱਸ ਦੀ ਦਫ਼ਾ 137 (2), 96, 303 (2) ਤੇ 61 (2) ਅਧੀਨ ਕੇਸ ਦਰਜ ਕੀਤਾ ਹੈ|