ਬਲਵਿੰਦਰ ਸਿੰਘ ਭੰਗੂ
ਭੋਗਪੁਰ, 10 ਜੁਲਾਈ
ਪੰਜਾਬ ਵਿੱਚ ਲੈਂਡ ਪੂਲਿੰਗ ਸਕੀਮ ਪੰਜਾਬ, ਕਿਸਾਨ ਅਤੇ ਵਿਕਾਸ ਲਈ ਘਾਤਕ ਸਿੱਧ ਹੋਵੇਗੀ, ਜਿਸ ਕਰਕੇ ਭਾਜਪਾ ਆਗੂ, ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਰਕਾਰ ਦੀ ਇਹ ਸਕੀਮ ਲਾਗੂ ਨਹੀਂ ਹੋਣ ਦੇਣਗੇ। ਇਹ ਗੱਲਾਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਅਰੁਣ ਸ਼ਰਮਾ, ਹਰਵਿੰਦਰ ਸਿੰਘ ਡੱਲੀ, ਮਨਮੀਤ ਸਿੰਘ ਵਿੱਕੀ, ਇੰਦਰਜੀਤ ਮਹਿਤਾ, ਕੁਲਵਿੰਦਰ ਸਿੰਘ ਨੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਹੀਆਂ। ਸਾਬਕਾ ਵਿਧਾਇਕ ਬਰਾੜ ਨੇ ਕਿਹਾ ਕਿ ਕਲੋਨਾਈਜ਼ਰਾਂ ਨੇ ਪਹਿਲਾਂ ਹੀ ਵੱਡੇ ਪੱਧਰ ‘ਤੇ ਖੇਤੀਯੋਗ ਜ਼ਮੀਨ ਵਿੱਚ ਕਲੋਨੀਆਂ ਬਣਾ ਦਿਤੀਆਂ ਹਨ ਜਿਨ੍ਹਾਂ ’ਤੇ ਅਜੇ ਤੱਕ ਨਾ ਰਿਹਾਇਸ਼ੀ ਇਮਾਰਤਾਂ ਬਣੀਆਂ ਅਤੇ ਨਾ ਹੀ ਵਪਾਰਕ ਦੁਕਾਨਾਂ ਬਣੀਆਂ। ਬਰਾੜ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਸੂਬਾ ਹੈ ਜਿਸ ਵਿੱਚ 70 ਪ੍ਰਤੀਸ਼ਤ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੁਜ਼ਗਾਰ ਵਿੱਚ ਲੱਗੇ ਹੋਏ ਹਨ। ਲੈਂਡ ਪੂਲਿਗ ਸਕੀਮ ਨਾਲ ਸਾਰੇ ਬੇਰੁਜ਼ਗਾਰ ਹੋ ਜਾਣਗੇ ਅਤੇ ਕਿਸਾਨਾਂ ਦੇ ਖੇਤੀ ਕਰਨ ਦੇ ਨਾਲ ਨਾਲ ਸਹਾਇਕ ਧੰਦੇ ਵੀ ਖ਼ਤਮ ਹੋ ਜਾਣਗੇ।