ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਪੁਲੀਸ ਕਮਿਸ਼ਨਰੇਟ ਜਲੰਧਰ ਦੀ ਆਈਏ ਸਟਾਫ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਨਾਜਾਇਜ਼ ਪਿਸਤੌਲ ਅਤੇ ਰੌਂਦ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਵਿਸ਼ੇਸ਼ ਚੈਕਿੰਗ ਦੌਰਾਨ ਸੀਆਈਏ ਪੁਲੀਸ ਟੀਮ ਵਰਕਸ਼ਾਪ ਚੌਕ, ਜਲੰਧਰ ਨੇੜੇ ਤਾਇਨਾਤ ਸੀ। ਇਸ ਦੌਰਾਨ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਅਭਿਸ਼ੇਕ ਉਰਫ ਵੰਸ਼ ਵਾਸੀ ਗਾਧੀ ਕੈਂਪ (ਮੌਜੂਦਾ ਪਤਾ, ਘਰ ਨੰਬਰ 361, ਫਗਵਾਰੀ ਮੁਹੱਲਾ, ਗੜ੍ਹਾ, ਥਾਣਾ ਡਿਵੀਜ਼ਨ ਨੰਬਰ 7) ਇਲਾਕੇ ’ਚ ਅਪਰਾਧਕ ਵਾਰਦਾਤ ਦੀ ਨੀਅਤ ਨਾਲ ਘੁੰਮ ਰਿਹਾ ਹੈ। ਪੁਲੀਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਨਾਜਾਇਜ਼ .32 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ, ਮੁਲਜ਼ਮ ਵਿਰੁੱਧ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਉਸਦੇ ਇਕਬਾਲੀਆ ਬਿਆਨ ’ਤੇ ਦੋ ਹੋਰ ਨਾਜਾਇਜ਼ .30 ਬੋਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਪੁਲੀਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾਂ ਹੀ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ-7, ਜਲੰਧਰ ’ਚ ਕੇਸ ਦਰਜ ਹੈ।