DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਢੀ ਦੇ ਪਿੰਡ ਬਹਿਮਾਵਾ ’ਚੋਂ ਖੈਰ ਦੇ 20 ਦਰੱਖਤਾਂ ਦੀ ਚੋਰੀ ਕਟਾਈ

ਅਧਿਕਾਰੀਆਂ ਵਲੋਂ 5 ਦਰੱਖਤਾਂ ਦੀ ਡੈਮੇਜ ਰਿਪੋਰਟ ਕੱਟਣ ਦਾ ਦਾਅਵਾ; 15 ਦਰੱਖਤਾਂ ਦੇ ਮਾਮਲੇ ’ਚ ਅਣਜਾਣਤਾ ਪ੍ਰਗਟਾਈ
  • fb
  • twitter
  • whatsapp
  • whatsapp
Advertisement
ਜਗਜੀਤ ਸਿੰਘ

ਮੁਕੇਰੀਆਂ, 27 ਮਈ

Advertisement

ਕੰਢੀ ਖੇਤਰ ਦੇ ਪਿੰਡ ਬਹਿਮਾਵਾ ਵਿੱਚ ਫਾਇਰ ਸੀਜ਼ਨ ਦੌਰਾਨ ਵੀ ਖੈਰ ਦੇ ਦਰੱਖਤਾਂ ਦੀ ਕਟਾਈ ’ਤੇ ਰੋਕ ਨਹੀਂ ਲੱਗ ਰਹੀ। ਬੀਤੇ ਦਿਨ ਪੰਚਾਇਤੀ ਤੇ ਮਾਲਕੀ ਵਾਲੇ ਰਕਬੇ ਵਿੱਚੋਂ ਕਰੀਬ 20 ਖੈਰ ਦੇ ਦਰੱਖਤ ਚੋਰੀ ਕੱਟ ਲਏ ਗਏ ਹਨ। ਇਨ੍ਹਾਂ ਵਿੱਚੋਂ ਜੰਗਲਾਤ ਵਿਭਾਗ ਨੇ ਕੇਵਲ ਪੰਜ ਦਰੱਖਤਾਂ ਦੀ ਚੋਰੀ ਦੀ ਇੱਕ ਵਿਅਕਤੀ ਦੇ ਨਾਮ ’ਤੇ ਡੈਮੇਜ ਰਿਪੋਰਟ ਕੱਟੀ ਹੈ ਜਦੋਂ ਕਿ 15 ਦਰੱਖਤਾਂ ਦੀ ਕਟਾਈ ਬਾਰੇ ਅਣਜਾਣ ਹਨ। ਪਿੰਡ ਦੀ ਪੰਚਾਇਤ ਤੇ ਮਾਲਕਾਂ ਨੇ 8 ਦਰੱਖਤ ਮਾਲਕੀ ਰਕਬੇ ਅਤੇ 7 ਦਰੱਖਤਾਂ ਪੰਚਾਇਤੀ ਰਕਬੇ ਤੋਂ ਚੋਰੀ ਕੱਟੇ ਜਾਣ ਦੀ ਸੂਚਨਾ ਜੰਗਲਾਤ ਵਿਭਾਗ ਤੇ ਬੀਡੀਪੀਓ ਨੂੰ ਦਿੱਤੀ ਹੈ।

ਪਿੰਡ ਬਹਿਮਾਵਾ ਦੀ ਪੰਚਾਇਤੀ ਜ਼ਮੀਨ ਤੋਂ ਕਰੀਬ 15 ਦਰੱਖਤ ਚੋਰੀ ਕੱਟ ਲਏ ਗਏ। ਇਸ ਵਿੱਚ ਕਰੀਬ 8 ਦਰੱਖਤ ਮਾਲਕੀ ਰਕਬੇ ਵਾਲੇ ਅਤੇ 7 ਦਰੱਖਤ ਪੰਚਾਇਤੀ ਰਕਬੇ ਵਾਲੇ ਦੱਸੇ ਜਾ ਰਹੇ ਹਨ। ਖੈਰ ਦੇ ਕੱਟੇ ਗਏ ਦਰੱਖਤਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਸੰਘਣੇ ਜੰਗਲ ਵਿੱਚ ਉੱਗੀ ਭੰਗ ਬੂਟੀ ਵਿੱਚ ਜਾਣ ਲਈ ਕੋਈ ਵੀ ਤਿਆਰ ਨਹੀਂ ਹੈ। ਪਿਛਲੇ ਦਿਨ ਇਸੇ ਪਿੰਡ ਦੇ ਮਾਲਕੀ ਵਾਲੇ ਰਕਬੇ ਵਿੱਚੋਂ ਕਰੀਬ 5 ਦਰੱਖਤ ਚੋਰੀ ਕੀਤੇ ਗਏ ਸਨ।

ਪਿੰਡ ਦੇ ਇੱਕ ਸਾਬਕਾ ਪੰਚ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਖੈਰ ਦੇ ਦਰੱਖਤਾਂ ਦੀ ਕਟਾਈ ਅੰਨ੍ਹੇਵਾਹ ਚੱਲ ਰਹੀ ਹੈ। ਫਾਇਰ ਸੀਜ਼ਨ ’ਚ ਦਰੱਖਤਾਂ ਦੀ ਕਟਾਈ ’ਤੇ ਪੂਰਨ ਰੋਕ ਹੁੰਦੀ ਹੈ ਅਤੇ ਜੰਗਲਾਤ ਦੇ ਰੇਂਜ ਤੇ ਬਲਾਕ ਅਧਿਕਾਰੀਆਂ ਸਮੇਤ ਵਣ ਗਾਰਡਾਂ ਤੇ ਮਨਰੇਗਾ ਵਰਕਰਾਂ ਦੀ ਲਗਾਤਾਰ ਡਿਊਟੀ ਰਹਿੰਦੀ ਹੈ। ਅਜਿਹੇ ਵਿੱਚ ਵੀ ਖੈਰ ਦੇ 20 ਤੋਂ ਵੱਧ ਦਰੱਖਤ ਕੇਵਲ ਇੱਕ ਪਿੰਡ ਵਿੱਚੋਂ ਹੀ ਕਟਾਈ ਵਿਭਾਗ ਦੇ ਰੇਂਜ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਖੈਰ ਦੇ ਦਰੱਖਤਾਂ ਦੀ ਵੱਡੇ ਪੱਧਰ ’ਤੇ ਕਟਾਈ ਹੋਈ ਸੀ ਪਰ ਜੰਗਲਾਤ ਅਧਿਕਾਰੀਆਂ ਨੇ ਕਿਸੇ ਜ਼ਿੰਮੇਵਾਰ ਅਧਿਕਾਰੀ ਖਿਲਾਫ਼ ਕਾਰਵਾਈ ਕਰਨ ਦੀ ਥਾਂ ਵਣ ਗਾਰਡਾਂ ਖ਼ਿਲਾਫ਼ ਕਾਰਵਾਈ ਕਰਕੇ ਆਪਣੀ ਕਾਰਵਾਈ ਪੂਰੀ ਕਰ ਲਈ ਅਤੇ ਵਣ ਗਾਰਡ ਬੀਟਾਂ ਤੋਂ ਬਦਲ ਦਿੱਤੇ ਗਏ। ਇਸ ਤੋਂ ਬਾਅਦ ਵੀ ਕਟਾਈ ਨਾ ਰੁਕਣਾ ਜੰਗਲਾਤ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸ਼ੱਕ ਦੇ ਦਾਇਰੇ ਵਿੱਚ ਖੜ੍ਹਾ ਕਰਦਾ ਹੈ, ਜਿਹੜੇ ਲੰਬੇ ਸਮੇਂ ਤੋਂ ਡਵੀਜ਼ਨ ਅੰਦਰ ਤਾਇਨਾਤ ਹਨ।

ਪਿੰਡ ਬਹਿਮਾਵਾ ਦੇ ਸਰਪੰਚ ਹੰਸ ਰਾਜ ਨੇ ਕਿਹਾ ਕਿ ਪੰਚਾਇਤੀ ਰਕਬੇ ’ਚੋਂ ਕੱਟੇ 7 ਦਰੱਖਤਾਂ ਦੀ ਜਾਣਕਾਰੀ ਜੰਗਲਾਤ ਤੇ ਬੀਡੀਪੀਓ ਦਫ਼ਤਰ ਨੂੰ ਲਿਖਤੀ ਦੇ ਦਿੱਤੀ ਗਈ ਹੈ ਅਤੇ ਮਾਲਕੀ ਰਕਬੇ ਵਿੱਚੋਂ ਕੱਟੇ ਗਏ 8 ਦਰੱਖਤਾਂ ਦੇ ਮਾਲਕਾਂ ਨੇ ਵੀ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲਾਤ ਵਿਭਾਗ ਦੇ ਡੀਐੱਫਓ ਅੰਜਨ ਸਿੰਘ ਨੇ ਕਿਹਾ ਕਿ ਪਹਿਲਾਂ ਕੱਟੇ ਖੈਰ ਦੇ 5 ਦਰੱਖਤਾਂ ਦੇ ਮਾਮਲੇ ’ਚ ਹੇਠਲੇ ਅਧਿਕਾਰੀਆਂ ਵੱਲੋਂ ਅਨੰਤ ਰਾਮ ਖ਼ਿਲਾਫ਼ ਡੈਮੇਜ ਰਿਪੋਰਟ ਕੱਟੀ ਗਈ ਹੈ। ਨਵੀਂ ਕਟਾਈ ਦੇ ਮਾਮਲੇ ਵਿੱਚ ਉਹ ਅਣਜਾਣ ਹਨ ਅਤੇ ਹੇਠਲੇ ਅਧਿਕਾਰੀਆਂ ਤੋਂ ਜਾਂਚ ਰਿਪੋਰਟ ਮੰਗਵਾਈ ਜਾ ਰਹੀ ਹੈ। ਜਿਹੜਾ ਕਿ ਅਧਿਕਾਰੀ/ਮੁਲਾਜ਼ਮ ਜ਼ਿੰਮੇਵਾਰ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement
×