ਵਿਦੇਸ਼ੀ ਸਿਗਰਟਾਂ ਸਟੋਰ ਕਰਨ ਵਾਲੇ ਗੁਦਾਮ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਪੁਲੀਸ ਦੇ ਦੱਖਣ-ਪੱਛਮੀ ਜ਼ਿਲ੍ਹੇ ਦੇ ਆਪ੍ਰੇਸ਼ਨ ਸੈੱਲ ਨੇ ਗੈਰ-ਕਾਨੂੰਨੀ ਸਿਗਰਟਾਂ ਸਟੋਰ ਕਰਨ ਵਾਲੇ ਗੁਦਾਮ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ 94,000 ਪੈਕੇਟ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਦੋਵਾਂ ਮੁਲਜ਼ਮਾਂ ਦੀ ਪਛਾਣ ਪਰੀਕਸ਼ਿਤ (22), ਗੋਦਾਮ ਦਾ ਮਾਲਕ ਅਤੇ ਵਸੰਤ ਕੁੰਜ ਦਾ ਵਾਸੀ ਪੀਪੀ ਚੇਂਗੱਪਾ (40), ਕੋਡਾਗੂ, ਕਰਨਾਟਕ ਦਾ ਵਾਸੀ ਵਜੋਂ ਹੋਈ ਹੈ।ਆਪ੍ਰੇਸ਼ਨ ਸੈੱਲ ਟੀਮ ਨੂੰ ਵਸੰਤ ਕੁੰਜ ਦੇ ਨੰਗਲ ਦੇਵਾਤ ਵਿੱਚ ਇੱਕ ਘਰ ਦੇ ਬੇਸਮੈਂਟ ਗੁਦਾਮ ਵਿੱਚ ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ ਦੇ ਵੱਡੇ ਭੰਡਾਰ ਬਾਰੇ ਜਾਣਕਾਰੀ ਮਿਲੀ। ਸੂਚਨਾ ਮਗਰੋਂ ਕਾਰਵਾਈ ਕਰਦੇ ਹੋਏ, ਪੁਲੀਸ ਟੀਮ ਨੇ ਉਸ ਸਥਾਨ ’ਤੇ ਛਾਪਾ ਮਾਰਿਆ ਅਤੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਗੁਦਾਮ ਤੋਂ ਓਰੀਜਨਲ ਸਿਲਵਰ-13 ਡੱਬੇ (13,000 ਪੈਕੇਟ), ਕਿੰਗ ਸਾਈਜ਼ ਮੇਫੇਅਰ - 5 ਡੱਬੇ (5,000 ਪੈਕੇਟ), ਰਿਚਮੰਡ ਕਿੰਗ ਸਾਈਜ਼ ਰੀਅਲ ਬਲੂ-50 ਡੱਬੇ (50,000 ਪੈਕੇਟ) ਅਤੇ ਰਿਚਮੰਡ ਕਿੰਗ ਸਾਈਜ਼-26 ਡੱਬੇ (26,000 ਪੈਕੇਟ) ਬਰਾਮਦ ਕੀਤੀਆਂ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਗ੍ਰੀਸ ਅਤੇ ਦੁਬਈ ਵਰਗੇ ਦੇਸ਼ਾਂ ਤੋਂ ਗੈਰ-ਕਾਨੂੰਨੀ ਤੌਰ ’ਤੇ ਸਿਗਰਟਾਂ ਆਯਾਤ ਕੀਤੀਆਂ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਖੇਪ ਦਿੱਲੀ-ਐੱਨਸੀਆਰ ਅਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੰਡੀ ਜਾਣੀ ਸੀ। ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਵਿਆਪਕ ਨੈੱਟਵਰਕ ਦੀ ਪਛਾਣ ਕਰਨ ਲਈ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ।