ਈ-ਰਿਕਸ਼ਾ ਚਾਰਜਿੰਗ ਸਟੇਸ਼ਨ ’ਚ ਅੱਗ ਲੱਗਣ ਕਾਰਨ ਦੋ ਮੌਤਾਂ
ਨਵੀਂ ਦਿੱਲੀ, 25 ਮਈ
ਦਿੱਲੀ ਦੇ ਸ਼ਾਹਦਰਾ ਦੇ ਰਾਮਨਗਰ ਇਲਾਕੇ ’ਚ ਅੱਜ ਸਵੇਰੇ ਈ-ਰਿਕਸ਼ਾ ਚਾਰਜਿੰਗ ਅਤੇ ਪਾਰਕਿੰਗ ਸਟੇਸ਼ਨ ’ਚ ਅੱਗ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਚਾਰ ਵਿਅਕਤੀ ਅੱਗ ਕਾਰਨ ਝੁਲਸ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਿਰਜੇਸ਼ (19) ਵਾਸੀ ਟੀਕਮਗੜ੍ਹ ਜ਼ਿਲ੍ਹਾ, ਮੱਧ ਪ੍ਰਦੇਸ਼ ਅਤੇ ਮਨੀਰਾਮ (18) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅੱਗ ਲੱਗੀ ਤਾਂ ਉਹ ਦੋਵੇਂ ਜਣੇ ਸੌਂ ਰਹੇ ਸਨ ਅਤੇ ਜਦੋਂ ਸਟੇਸ਼ਨ ਨੂੰ ਅੱਗ ਲੱਗੀ ਤਾਂ ਉਹ ਅੰਦਰ ਹੀ ਫਸੇ ਰਹਿ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਮਲਬੇ ’ਚੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਸੁਰੱਖਿਆਤ ਬਚਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸ਼ਹਾਦਰਾ ਰਾਮ ਨਗਰ ਦੀ ਮੋਤੀ ਰਾਮ ਸੜਕ ’ਤੇ ਸਥਿਤ ਇਹ ਸ਼ੈੱਡ ਲੱਗਭੱਗ 300 ਤੋਂ 400 ਵਰਗ ਗਜ਼ ’ਚ ਫੈਲਿਆ ਹੋਇਆ ਹੈ। ਇਥੇ ਈ-ਰਿਕਸ਼ਾ ਪਾਰਕਿੰਗ ਤੇ ਚਾਰਜਿੰਗ ਸਟੇਸ਼ਨ ਤੋਂ ਬਿਨਾਂ ਗੰਨੇ ਦੇ ਰਸ ਦੀਆਂ ਮਸ਼ੀਨਾਂ ਵੀ ਭੰਡਾਰ ਕੀਤੀਆਂ ਹੋਈਆਂ ਸਨ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਸਵੇਰੇ 6:40 ’ਤੇ ਲੱਗੀ ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਤੇ ਸਵੇਰੇ ਸਾਢੇ ਅੱਠ ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅੱਗ ਕਾਰਨ ਝੁਲਸੇ ਚਾਰ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੇੜਲੇ ਜੀਟੀਬੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਹਰੀਸ਼ੰਕਰ (19) ਵਾਸੀ ਮੱਧ ਪ੍ਰਦੇਸ਼, ਰਿੰਕੂ (18) ਵਾਸੀ ਰਾਇਬਰੇਲੀ, ਮੁਕੇਸ਼(22) ਅਤੇ ਵਿਪਿਨ (19) ਵਜੋਂ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਈ-ਰਿਕਸ਼ਾ ’ਤੇ ਗੰਨੇ ਦਾ ਰਸ ਵੇਚਦੇ ਸਨ ਅਤੇ ਸ਼ੈੱਡ ਵਿੱਚ ਹੀ ਰਹਿੰਦੇ ਸਨ। ਅੱਗ ਲੱਗਣ ਦਾ ਮੁੱਖ ਕਾਰਨ ਚਾਰਜਿੰਗ ਦੌਰਾਨ ਹੋਏ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ’ਚ ਪੁਲੀਸ ਨੇ ਵਿਨੋਦ ਰਾਠੌਰ ਨੂੰ ਹਿਰਾਸਤ ’ਚ ਲਿਆ ਹੈ ਜਿਸਨੇ ਇਹ ਸ਼ੈੱਡ ਕਿਰਾਏ ’ਤੇ ਲਿਆ ਹੋਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸ਼ੈੱਡ ’ਚ ਅੱਗ ਤੋਂ ਸੁਰੱਖਿਆ ਲਈ ਜ਼ਰੂਰੀ ਉਪਕਰਨ ਵੀ ਮੌਜੂਦ ਨਹੀਂ ਸਨ। -ਪੀਟੀਆਈ