ਨਵੀਂ ਦਿੱਲੀ (ਪੱਤਰ ਪ੍ਰੇਰਕ): ਕ੍ਰਾਈਮ ਬ੍ਰਾਂਚ ਨੇ ਈਸੀਐੱਮ (ਇੰਜਣ ਕੰਟਰੋਲ ਮਾਡਿਊਲ) ਚੋਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਮੁਹੰਮਦ ਇਰਫਾਨ, ਵਾਸੀ ਚਾਂਦ ਬਾਗ, ਕਰਾਵਲ ਨਗਰ, ਦਿੱਲੀ ਤੇ ਮੁਹੰਮਦ ਖਾਲਿਦ, ਵਾਸੀ ਜਨਤਾ ਮਜ਼ਦੂਰ ਕਲੋਨੀ, ਵੈਲਕਮ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 11 ਈਸੀਐਮ (ਇੰਜਣ ਕੰਟਰੋਲ ਮੋਡੀਊਲ) ਬਰਾਮਦ ਕੀਤੇ ਗਏ ਹਨ ਤੇ ਚੋਰੀ ਦੇ 11 ਮਾਮਲਿਆਂ ਨੂੰ ਹੱਲ ਕੀਤਾ ਗਿਆ ਹੈ। ਵੱਖ-ਵੱਖ ਵਾਹਨਾਂ ਦੀ ਈਸੀਐਮ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਦੋ ਮੁਲਜ਼ਮਾਂ ਦੀ ਗੁਪਤ ਸੂਚਨਾ ਮਿਲੀ ਸੀ। ਰਿੰਗ ਰੋਡ, ਟੀ-ਪੁਆਇੰਟ ਮਹਾਰਾਣੀ ਬਾਗ, ਈਸਟਰਨ ਐਵੀਨਿਊ, ਦਿੱਲੀ ਵਿੱਚ ਜਾਲ ਵਿਛਾ ਕੇ ਮੁਹੰਮਦ ਇਰਫਾਨ ਤੇ ਮੁਹੰਮਦ ਖਾਲਿਦ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ‘ਚੋਂ 11 ਈਸੀਐਮ (ਇੰਜਣ ਕੰਟਰੋਲ ਮੋਡੀਊਲ) ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਦਿੱਲੀ ਦੇ ਨਾਲ ਲੱਗਦੇ ਰਾਜਾਂ ਦੇ ਸਰਹੱਦੀ ਇਲਾਕਿਆਂ ਤੇ ਦਿੱਲੀ ਖੇਤਰ ਵਿੱਚ ਵੱਖ-ਵੱਖ ਵਾਹਨਾਂ ਤੋਂ ਅੱਧੀ ਰਾਤ ਨੂੰ ਈਸੀਐਮ ਚੋਰੀ ਕਰਦੇ ਹਨ। ਇਸ ਚੋਰੀ ਵਿਚ ਉਸ ਨੇ ਆਪਣੀ ਹੁੰਡਈ ਆਈ-10 ਕਾਰ ਦੀ ਵਰਤੋਂ ਕੀਤੀ। ਬਾਅਦ ਵਿੱਚ ਇਸ ਕਾਰ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਇੱਕ ਮਾਮਲੇ ਵਿੱਚ ਜ਼ਬਤ ਕਰ ਲਿਆ ਸੀ।