ਵਿਸਥਾਪਨ, ਪਛਾਣ ਅਤੇ ਪੁਨਰਵਾਸ ਵਿਸ਼ੇ ’ਤੇ ਸੈਮੀਨਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼ ਅਤੇ ਭਾਰਤੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਪੰਜਾਬੀ ਵਿਭਾਗ ਨੇ ਸਾਂਝੇ ਤੌਰ ‘ਤੇ ‘ਸਰਹੱਦਾਂ ਅਤੇ ਸੀਮਾਵਾਂ: ਵਿਸਥਾਪਨ, ਪਛਾਣ ਅਤੇ ਪੁਨਰਵਾਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਮੌਕੇ ਇਤਿਹਾਸਕ ਵੰਡ ਦੇ ਪ੍ਰਭਾਵਾਂ ਅਤੇ ਵਿਰਾਸਤ ਬਾਰੇ ਬਹੁਪੱਖੀ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ। ਸੈਮੀਨਾਰ ਦੇ ਮਹਿਮਾਨ ਪ੍ਰੋ. ਪ੍ਰਕਾਸ਼ ਸਿੰਘ (ਡਾਇਰੈਕਟਰ, ਸਾਊਥ ਕੈਂਪਸ, ਦਿੱਲੀ ਯੂਨੀਵਰਸਿਟੀ) ਨੇ ‘ਵਿਸਥਾਪਿਤ’ ਸ਼ਬਦ ਨੂੰ ਸਿਰਫ਼ ਇੱਕ ਭੂਗੋਲਿਕ ਵਰਤਾਰਾ ਹੀ ਨਹੀਂ ਸਗੋਂ ਮਨੁੱਖਤਾ ਦੇ ਦਰਦ ਦਾ ਪ੍ਰਤੀਕ ਦੱਸਿਆ।
ਉਨ੍ਹਾਂ ਸਰ ਸਈਅਦ ਅਹਿਮਦ ਖ਼ਾਨ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਅਤੇ ਸਿਆਸੀ ਵਖਰੇਵਿਆਂ ਨੇ ਵੰਡ ਨੂੰ ਅਟੱਲ ਬਣਾ ਦਿੱਤਾ ਸੀ। ਜਿਨ੍ਹਾਂ ਨੇ ਵੰਡ ਨੂੰ ਇੱਕ ਸੱਭਿਆਚਾਰਕ ਅਤੇ ਭਾਵਨਾਤਮਕ ਅਨੁਭਵ ਵਜੋਂ ਪਰਿਭਾਸ਼ਿਤ ਕੀਤਾ ਅਤੇ ਇਸ ਦੇ ਇਤਿਹਾਸਕ ਪਹਿਲੂਆਂ ਦੀ ਚਰਚਾ ਕੀਤੀ। ਪ੍ਰੋਗਰਾਮ ਦੌਰਾਨ ਸੀਆਈਪੀਐਸ ਦੇ ਡਾਇਰੈਕਟਰ ਪ੍ਰੋ. ਰਵਿੰਦਰ ਕੁਮਾਰ ਨੇ ਸੈਮੀਨਾਰ ਦਾ ਉਦੇਸ਼ ਸਪੱਸ਼ਟ ਕੀਤਾ। ਮੁੱਖ ਮਹਿਮਾਨ ਡਾ: ਸਵਪਨ ਦਾਸਗੁਪਤਾ ਨੇ ਬੰਗਾਲੀ ਸੱਭਿਆਚਾਰ ਅਤੇ ਵੰਡ ਦੇ ਸੱਭਿਆਚਾਰਕ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵੰਡ ਖੇਤਰੀ ਅਤੇ ਸਿਆਸੀ ਹੋ ਸਕਦੀ ਹੈ, ਪਰ ਸੱਭਿਆਚਾਰ ਨੂੰ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਬੰਗਾਲੀ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਾਰਤੀ ਕਾਲਜ ਦੀ ਪ੍ਰਿੰਸੀਪਲ ਪ੍ਰੋ. ਸਲੋਨੀ ਗੁਪਤਾ ਨੇ ਸਭ ਦਾ ਸਵਾਗਤ ਕੀਤਾ
ਪ੍ਰੋ. ਹਿਮਾਂਸ਼ੂ ਪ੍ਰਸਾਦ ਰਾਏ ਦੀ ਪ੍ਰਧਾਨਗੀ ਹੇਠ ਹੋਈ ਪੈਨਲ ਚਰਚਾ ਵਿੱਚ ਪ੍ਰੋ. ਅੰਮ੍ਰਿਤ ਕੌਰ ਬਸਰਾ ਨੇ ਇਤਿਹਾਸਕ ਵੰਡ ਦੀਆਂ ਤਰੀਕਾਂ ਅਤੇ ਕਹਾਣੀਆਂ ’ਤੇ ਚਾਨਣਾ ਪਾਇਆ। ਪ੍ਰੋ. ਭੁਵਨ ਝਾਅ ਨੇ 1930-1948 ਦੇ ਵਿਚਕਾਰ ਦੀਆਂ ਘਟਨਾਵਾਂ ਨੂੰ ਕਵਰ ਕਰਦੇ ਹੋਏ, ਜਿਨਾਹ ਅਤੇ ਗਾਂਧੀ ਵਿਚਕਾਰ ਪੱਤਰ ਵਿਹਾਰ ਦੀ ਸਿਆਸੀ ਡੂੰਘਾਈ ਨੂੰ ਉਜਾਗਰ ਕੀਤਾ। ਡਾ. ਵਰੁਣ ਗੁਲਾਟੀ ਨੇ ‘ਪਾੜੋ ਅਤੇ ਰਾਜ ਕਰੋ’ ਦੀ ਬ੍ਰਿਟਿਸ਼ ਬਸਤੀਵਾਦੀ ਰਣਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਵੰਡ ਸਾਮਰਾਜਵਾਦੀ ਹਿੱਤਾਂ ਨੂੰ ਕਾਇਮ ਰੱਖਣ ਲਈ ਸਿਆਸੀ ਤੌਰ ‘ਤੇ ਕੀਤੀ ਗਈ ਸੀ। ਪ੍ਰੋ. ਜਯੋਤੀ ਤ੍ਰਿਹਾਨ ਸ਼ਰਮਾ ਨੇ ਸੈਮੀਨਾਰ ਨੂੰ ਇਤਿਹਾਸਕ ਚੇਤਨਾ ਜਗਾਉਣ ਦਾ ਉਪਰਾਲਾ ਦੱਸਦਿਆਂ ਸਮਾਪਤੀ ਕੀਤੀ। ਇਸ ਮੌਕੇ ਡਾਕੂਮੈਂਟਰੀ ਦਿਖਾਈ ਗਈ ਅਤੇ ਅੰਤ ਵਿੱਚ ਨਾਟਕ ‘ਗੂੰਜਤੀ ਖਾਮੋਸ਼ੀ’ ਪੇਸ਼ ਕੀਤਾ ਗਿਆ ਜਿਸ ਨੇ ਵੰਡ ਪੀੜਤਾਂ ਦੇ ਦਰਦ ਨੂੰ ਜ਼ਿੰਦਾ ਕੀਤਾ।