ਕਾਂਵੜ ਯਾਤਰਾ ਦੀ ਸੁਰੱਖਿਆ ਲਈ ਪੰਜ ਹਾਜ਼ਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ
ਕੌਮੀ ਰਾਜਧਾਨੀ ਵਿੱਚ ਕਾਂਵੜ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਸੁਰੱਖਿਆ ਵਿਵਸਥਾ ਸਖ਼ਤ ਕਰਦੇ ਹੋਏ ਪੰਜ ਹਜ਼ਾਰ ਤੋਂ ਵੱਧ ਦਿੱਲੀ ਪੁਲੀਸ ਮੁਲਾਜ਼ਮਾਂ ਅਤੇ ਅਰਧਸੈਨਿਕ ਬਲਾਂ ਦੀਆਂ ਲਗਪਗ 50 ਕੰਪਨੀਆਂ (5000 ਤੋਂ ਵੱਧ ਮੁਲਾਜ਼ਮ) ਨੂੰ ਤਾਇਨਾਤ ਕੀਤਾ ਕੀਤਾ ਗਿਆ ਹੈ। ਇਸ ਸਬੰਧੀ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਪੁਲੀਸ ਅਧਿਕਾਰੀ ਅਨੁਸਾਰ ਜਿਨ੍ਹਾਂ ਰਾਹਾਂ ਤੋਂ ਕਾਂਵੜੀਆਂ ਦੇ ਗੁਜ਼ਰਨ ਦੀ ਸੰਭਾਵਨਾ ਹੈ, ਉਨ੍ਹਾਂ ਥਾਵਾਂ ਦੀ ਵਧੇਰੇ ਜਾਂਚ ਕੀਤੀ ਗਈ ਹੈ। ਇਸ ਸਬੰਧੀ ਕਈ ਰੂਟਾਂ ਦੀ ਵੀ ਤਬਦੀਲੀ ਕੀਤੀ ਗਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਤੀਰਥ ਯਾਤਰਾ 22 ਜੁਲਾਈ ਤੱਕ ਜਾਰੀ ਰਹੇਗੀ ਅਤੇ ਸ਼ਿਵਰਾਤਰੀ ’ਤੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਰਧਸੈਨਿਕ ਦਲਾਂ ਅਤੇ ਹੋਮਗਾਰਡ ਦੇ ਸਾਂਝੇ ਉਦਮ ਨਾਲ ਕਾਂਵੜੀਆਂ ਦੀ ਸੁਰੱਖਿਆ ਕਰ ਰਹੇ ਹਨ। ਇਸ ਸਬੰਧੀ ਸੀਸੀਟੀਵੀ ਕੈਮਰਿਆਂ ਅਤੇ ਡਰੋਨ ਗਸ਼ਤ ਰਾਹੀਂ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕਰਾਂਗੇ। ਉਨ੍ਹਾਂ ਕਿਹਾ ਕਿ ਨਿਰਧਾਰਤ ਕਾਂਵੜ ਕੈਂਪਾਂ ਅਤੇ ਮੰਦਰ ਖੇਤਰਾਂ ਲਈ ਵਿਸ਼ੇਸ਼ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਮੁੱਖ ਟੀਚਾ ਕਾਨੂੰਨ ਵਿਵਸਥਾ ਬਣਾਉਣ, ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਤੀਰਥ ਯਾਤਰੀਆਂ ਨੂੰ ਮੌਕੇ ’ਤੇ ਸਹਾਇਤਾ ਦੇਣ ’ਤੇ ਰੱਖਿਆ ਗਿਆ ਹੈ। ਇਸ ਸਬੰਧੀ ਪੀਸੀਆਰ ਵੈਨ, ਫਾਇਰ ਵਿਭਾਗ ਦੇ ਟੈਂਡਰ ਅਤੇ ਐਂਬੂਲੈਂਸਾਂ ਨੂੰ ਮਹੱਤਵਪੂਰਨ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮੀ ਰਾਜ ਮਾਰਗ (ਐੱਨਐੱਚ)-1, ਐੱਨਐੱਚ-9 ਵਰਗੇ ਮੁੱਖ ਮਾਰਗਾਂ ਅਤੇ ਬਾਹਰੀ, ਉੱਤਰ ਪੂਰਬ , ਪੂਰਬੀ ਸ਼ਾਹਦਰਾ ਤੋਂ ਗੁਜ਼ਰਨ ਵਾਲੀਆਂ ਮੁੰਖ ਸੜਕਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਪੈਦਲ ਅਤੇ ਵਾਹਨਾਂ ਵਿੱਚ ਕਾਂਵਡ (ਗੰਗਾ ਜਲ ਨਾਲ ਸਜੇ ਬਰਤਨ) ਲੈ ਕੇ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਨਿਰਧਾਰਤ ਥਾਵਾ ’ਤੇ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਂਵੜੀਆਂ ਦੀ ਭੀੜ ਨੂੰ ਕਾਬੂ ਕਰਨ ਲਈ, ਦਿੱਲੀ ਪੁਲੀਸ ਨੇ ਉਨ੍ਹਾਂ ਦੇ ਦਾਖ਼ਲ ਹਣ ਵਾਲੇ ਮਾਰਗਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਗਾਜੀਪੁਰ ਬਾਰਡਰ, ਆਨੰਦ ਵਿਹਾਰ, ਭੋਪੁਰਾ, ਅਪਸਰਾ, ਮਹਾਰਾਜਪੁਰ, ਲੋਨੀ ਬਾਰਡਰ ਅਤੇ ਆਈਐੱਸਬੀਟੀ ਕਸ਼ਮੀਰੀ ਗੇਟ ਸ਼ਾਮਲ ਹਨ। ਵਜੀਰਾਬਾਦ ਤੋਂ ਭੋਪੁਰਾ, ਜੀਟੀਰੋਡ ਅਤੇ ਲੋਨੀ ਰੋਡ ਅਤੇ ਲੋਨੀ ਰੋਡ ਵਰਗੀਆਂ ਮੁੱਖ ਸੜਕਾਂ ’ਤੇ ਕਾਂਵੜੀਆਂ ਦੇ ਆਉਣ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਕਾਂਵੜੀਆਂ ਵਾਲੇ ਰਾਹਾਂ ’ਤੇ ਨਾ ਆਉਣ ਦੀ ਅਪੀਲ ਕੀਤੀ ਹੈ। ਇਨ੍ਹਾਂ ਸੜਕਾਂ ’ਤੇ ਐਮਰਜੈਂਸੀ ਸੇਵਾਵਾਂ ਅਤੇ ਜ਼ਰੂਰੀ ਵਾਹਨਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ ਅਤੇ ਇਸ ਸਬੰਧੀ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। -ਪੀਟੀਆਈ