ਨਵੀਂ ਦਿੱਲੀ, 21 ਫਰਵਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰ ਖੇਤਰ ’ਚ ਅਜਿਹੇ ਵਿਸ਼ਵ ਪੱਧਰੀ ਆਗੂਆਂ ਦੀ ਵਕਾਲਤ ਕੀਤੀ ਜੋ ਭਾਰਤ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ ਆਲਮੀ ਸਮੱਸਿਆਵਾਂ ਤੇ ਲੋੜਾਂ ਦੇ ਹੱਲ ਲੱਭ ਸਕਣ।ਇੱਥੇ ਸਕੂਲ ਆਫ ਅਲਟੀਮੇਟ ਲੀਡਰਸ਼ਿਪ (ਐੱਚਓਯੂਐੱਲ) ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਅਜਿਹੇ ਸਮੇਂ ਅਹਿਮ ਸਾਬਤ ਹੋ ਸਕਦੀਆਂ ਹਨ ਜਦੋਂ ਭਾਰਤ ਨੂੰ ਹਰ ਖੇਤਰ ’ਚ ਊਰਜਾ ਭਰਪੂਰ ਆਗੂਆਂ ਦੀ ਲੋੜ ਹੈ, ਜਿਨ੍ਹਾਂ ਕੋਲ ਆਲਮੀ ਨਜ਼ਰੀਆ ਹੋਵੇ ਪਰ ਸਥਾਨਕ ਹਿੱਤਾਂ ਨੂੰ ਤਰਜੀਹ ਦਿੰਦੀ ਮਾਨਸਿਕਤਾ ਹੋਵੇ। ਫਿਰ ਭਾਵੇਂ ਉਹ ਨੌਕਰਸ਼ਾਹੀ, ਨੀਤੀ ਨਿਰਮਾਣ ਜਾਂ ਕਾਰੋਬਾਰ ਦਾ ਖੇਤਰ ਹੋਵੇ। ਉਨ੍ਹਾਂ ਵੱਖ ਵੱਖ ਖੇਤਰਾਂ ਦੇ ਨੇਤਾਵਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਦੋਂ ਦੇਸ਼ ਇੱਕ ‘ਆਲਮੀ ਸ਼ਕਤੀ ਕੇਂਦਰ’ ਵਜੋਂ ਉਭਰ ਰਿਹਾ ਹੈ ਤਾਂ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਹਰ ਖੇਤਰ ’ਚ ਭਾਰਤੀ ਨਜ਼ਰੀਆ ਰੱਖਦੀ ਹੋਵੇ। ਮੋਦੀ ਨੇ ਕਿਹਾ ਕਿ ਦੇਸ਼ ਦੀ ਰਫ਼ਤਾਰ ਨੂੰ ਹਰ ਖੇਤਰ ’ਚ ਦੁਹਰਾਉਣ ਦੀ ਲੋੜ ਹੈ ਅਤੇ ਐੱਸਓਯੂਐੱਲ ਜਿਹੀਆਂ ਸੰਸਥਾਵਾਂ ਨਾ ਸਿਰਫ਼ ਇੱਕ ਬਦਲ ਹਨ ਸਗੋਂ ਲੋੜ ਵੀ ਹਨ। ਉਨ੍ਹਾਂ ਕਿਹਾ, ‘ਹਰ ਖੇਤਰ ’ਚ ਅਜਿਹੇ ਊਰਜਾਵਾਨ ਆਗੂਆਂ ਦੀ ਲੋੜ ਹੈ ਜੋ ਆਲਮੀ ਸਮੱਸਿਆਵਾਂ ਦਾ ਹੱਲ ਲੱਭ ਸਕਣ ਅਤੇ ਆਲਮੀ ਮੰਚ ’ਤੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦੇ ਸਕਣ।’ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੀ ਪਹੁੰਚ ਆਲਮੀ ਪਰ ਮਾਨਸਿਕਤਾ ਸਥਾਨਕ ਹੋਣੀ ਚਾਹੀਦੀ ਹੈ ਅਤੇ ਅਜਿਹੇ ਆਗੂਆਂ ਨੂੰ ਕੂਟਨੀਤਕ ਫ਼ੈਸਲੇ ਲੈਣ, ਸੰਕਟ ਨਾਲ ਨਜਿੱਠਣ ਤੇ ਭਵਿੱਖ-ਮੁਖੀ ਸੋਚ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਲੀਡਰਸ਼ਿਪ ਸੱਤਾ ਤੱਕ ਸੀਮਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੌਮਾਂਤਰੀ ਬਾਜ਼ਾਰਾਂ ਤੇ ਆਲਮੀ ਸੰਸਥਾਵਾਂ ’ਚ ਮੁਕਾਬਲਾ ਕਰਨ ਲਈ ਅਜਿਹੇ ਆਗੂਆਂ ਦੀ ਲੋੜ ਹੈ ਜੋ ਕੌਮਾਂਤਰੀ ਗਤੀਸ਼ੀਲਤਾ ਨੂੰ ਸਮਝਦੇ ਹੋਣ। -ਪੀਟੀਆਈ