ਦਿੱਲੀ: ਪੁਲੀਸ ਨੇ ਜੂਨ ਮਹੀਨੇ ਵਿਚ 53 ਬੱਚਿਆਂ ਸਮੇਤ 168 ਲਾਪਤਾ ਲੋਕਾਂ ਨੂੰ ਲੱਭਿਆ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਪੁਲੀਸ ਨੇ ਪਿਛਲੇ ਮਹੀਨੇ ਆਪਣੇ ਅਪਰੇਸ਼ਨ ਮਿਲਾਪ ਤਹਿਤ 168 ਲਾਪਤਾ ਲੋਕਾਂ, ਜਿਨ੍ਹਾਂ ਵਿੱਚ 53 ਬੱਚੇ ਅਤੇ 115 ਬਾਲਗ ਸ਼ਾਮਲ ਹਨ, ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣ-ਪੱਛਮੀ ਜ਼ਿਲ੍ਹੇ ਦੇ ਕਈ ਪੁਲੀਸ ਸਟੇਸ਼ਨਾਂ ਵੱਲੋਂ ਇੱਕ ਤਾਲਮੇਲ ਨਾਲ ਮੁਹਿੰਮ ਚਲਾਈ ਗਈ।
ਉਨ੍ਹਾਂ ਦੱਸਿਆ ਕਿਹਾ, ‘‘1 ਜੂਨ ਤੋਂ 30 ਜੂਨ ਤੱਕ ਅਜਿਹੇ ਤੇਰ੍ਹਾਂ ਅਪਰੇਸ਼ਨ ਚਲਾਏ ਗਏ, ਜਿਸ ਵਿੱਚ ਕਪਾਸ਼ੇੜਾ, ਸਾਗਰਪੁਰ, ਪਾਲਮ ਪਿੰਡ, ਵਸੰਤ ਕੁੰਜ ਸਾਊਥ, ਕਿਸ਼ਨਗੜ੍ਹ ਅਤੇ ਹੋਰਨਾਂ ਪੁਲਿਸ ਸਟੇਸ਼ਨਾਂ ਦੀਆਂ ਟੀਮਾਂ ਸ਼ਾਮਲ ਸਨ।’’ ਟੀਮਾਂ ਨੇ ਅਪਰੇਸ਼ਨ ਲਈ ਸੀਸੀਟੀਵੀ ਫੁਟੇਜ, ਸਥਾਨਕ ਪੁੱਛਗਿੱਛ, ਟਰਾਂਸਪੋਰਟ ਹੱਬਾਂ 'ਤੇ ਤਸਦੀਕ ਅਤੇ ਬੱਸ ਡਰਾਈਵਰਾਂ, ਕੰਡਕਟਰਾਂ, ਵਿਕਰੇਤਾਵਾਂ ਅਤੇ ਸਥਾਨਕ ਮੁਖਬਰਾਂ ਨਾਲ ਸਲਾਹ-ਮਸ਼ਵਰੇ ’ਤੇ ਕੰਮ ਕੀਤਾ।
ਇਸ ਤੋਂ ਇਲਾਵਾ ਲਾਪਤਾ ਲੋਕਾਂ ਦੀਆਂ ਤਸਵੀਰਾਂ ਵੰਡੀਆਂ ਗਈਆਂ ਅਤੇ ਹਸਪਤਾਲ ਅਤੇ ਪੁਲੀਸ ਸਟੇਸ਼ਨ ਦੇ ਰਿਕਾਰਡਾਂ ਦੀ ਆਪਸ ਵਿੱਚ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਕਾਰਵਾਈਆਂ ਦੌਰਾਨ ਕੁੱਲ 168 ਲਾਪਤਾ ਲੋਕਾਂ ਨੂੰ ਲੱਭਿਆ ਗਿਆ। ਅਧਿਕਾਰੀਆਂ ਅਨੁਸਾਰ ਕੁੱਲ ਮਿਲਾ ਕੇ ਇਸ ਸਾਲ 1 ਜਨਵਰੀ ਤੋਂ ਦੱਖਣ-ਪੱਛਮੀ ਜ਼ਿਲ੍ਹੇ ਵਿੱਚ 521 ਲਾਪਤਾ ਲੋਕ (149 ਬੱਚੇ ਅਤੇ 372 ਬਾਲਗ) ਲੱਭੇ ਜਾ ਚੁੱਕੇ ਹਨ। -ਪੀਟੀਆਈ