ਸਰਕਾਰੀ ਪ੍ਰਾਇਮਰੀ ਸਕੂਲ ’ਚ 101 ਪੌਦੇ ਲਾਏ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਜੂਨ
ਸਮਾਜ ਸੇਵਾ ਦੇ ਕੰਮਾਂ ਵਿੱਚ ਸਦਾ ਮੋਹਰੀ ਰਹਿਣ ਵਾਲੀ ਸੰਸਥਾ ਸ਼ਾਹਬਾਦ ਮਾਰਕੰਡਾ ਦੀ ਨਰ ਨਰਾਇਣ ਸੇਵਾ ਸੀਮਿਤੀ ਨੇ ਸਰਕਾਰੀ ਸਕੂਲ ਰਤਨਗੜ੍ਹ ਵਿਚ 101 ਪੌਦੇ ਲਗਾ ਕੇ ਇੱਕ ਸ਼ਾਨਦਾਰ ਪਹਿਲ ਕੀਤੀ ਹੈ। ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਕਹਿਣ ’ਤੇ ਸੀਮਿਤੀ ਨੇ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਤਹਿਤ ਇਸ ਸਾਲ ਪੌਦੇ ਲਾਉਣ ਦੀ ਮੁਹਿੰਮ ਨੂੰ ਇਸ ਸਕੂਲ ਤੋਂ ਆਰੰਭ ਕੀਤਾ ਹੈ। ਸੀਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਨੇ ਕਿਹਾ ਕਿ ਸੀਮਿਤੀ ਵਲੋਂ ਹਰ ਸਾਲ ਪੌਦੇ ਲਾਉਣ ਤੋਂ ਇਲਾਵਾ ਲੋੜਵੰਦਾਂ ਨੂੰ ਮਹੀਨਾ ਵਾਰ ਰਾਸ਼ਨ, ਗ਼ਰੀਬ ਤੇ ਬੇਸਹਾਰਾ ਲੜਕੀਆਂ ਦੇ ਵਿਆਹ ਲਈ ਮਦਦ, ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ, ਵਰਦੀਆਂ ਫੀਸ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਮਿਤੀ ਵਲੋਂ ਜੋ ਪੌਦੇ ਲਗਾਏ ਜਾਂਦੇ ਹਨ, ਉਨ੍ਹਾਂ ਦੀ ਦੇਖ ਭਾਲ ਦਾ ਜਿੰਮਾ ਵੀ ਉਹ ਖੁਦ ਕਰਦੀ ਹੈ। ਸੀਮਿਤੀ ਦਾ ਮੰਨਣਾ ਹੈ ਕਿ ਜੇ ਵਾਤਾਵਰਨ ਹਰਿਆ-ਭਰਿਆ ਹੋਵੇਗਾ ਤਾਂ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਹੋਵੇਗੀ। ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਸੀਮਿਤੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵੀ ਇਸ ਨੇਕ ਕਾਰਜ ਵਿਚ ਸਹਿਯੋਗ ਕਰਨਗੇ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਸੀਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ, ਹਰੀਸ਼ ਵਿਰਮਾਨੀ, ਕਰਨੈਲ ਸਿੰਘ, ਅਮਿਤ ਕਾਲੜਾ, ਪੰਕਜ ਮਿੱਤਲ, ਅਭਿਸ਼ੇਕ ਛਾਬੜਾ ਤੇ ਸਮਾਜ ਸੇਵੀ ਧਰਮਵੀਰ ਨਰਵਾਲ ਮੌਜੂਦ ਸਨ।